ਐਤਕੀ ਲੋਕ ਸਭਾ ਚੋਣਾਂ 'ਚ ਕਿੰਨਾ ਕੁ ਖਰਚਾ ਕਰ ਸਕਣਗੇ ਉਮੀਦਵਾਰ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਦੇਸ਼ 'ਚ ਲੋਕ ਸਭਾ ਚੋਣਾਂ ਦੇ ਐਲਾਨ ਹੋਣ ਮਗਰੋਂ ਸਿਆਸੀ ਪਾਰਟੀਆਂ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕੋਈ ਵੀ ਉਮੀਦਵਾਰ ਇਸ ਵਾਰ...

Candidate Expenditure India

ਨਵੀਂ ਦਿੱਲੀ : ਦੇਸ਼ 'ਚ ਲੋਕ ਸਭਾ ਚੋਣਾਂ ਦੇ ਐਲਾਨ ਹੋਣ ਮਗਰੋਂ ਸਿਆਸੀ ਪਾਰਟੀਆਂ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕੋਈ ਵੀ ਉਮੀਦਵਾਰ ਇਸ ਵਾਰ ਪੈਸੇ ਜਾਂ ਡੰਡੇ ਦੇ ਜ਼ੋਰ 'ਤੇ ਚੋਣਾਂ ਨਹੀਂ ਜਿੱਤ ਸਕੇਗਾ। ਭਾਰਤੀ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਚੋਣ ਖ਼ਰਚੇ 'ਤੇ ਕਾਫ਼ੀ ਸਖ਼ਤੀ ਵਿਖਾਈ ਹੈ। ਇਸ ਵਾਰ ਲੋਕ ਸਭਾ ਚੋਣਾਂ 'ਚ ਕੋਈ ਵੀ ਉਮੀਦਵਾਰ 70 ਲੱਖ ਰੁਪਏ ਤੋਂ ਵੱਧ ਨਹੀਂ ਖ਼ਰਚ ਕਰ ਸਕੇਗਾ। ਖ਼ਰਚਾ ਉਸ ਸੂਬੇ ’ਤੇ ਵੀ ਨਿਰਭਰ ਕਰਦਾ ਹੈ ਜਿੱਥੋਂ ਉਮੀਦਵਾਰ ਨੇ ਚੋਣ ਲੜਣੀ ਹੈ।

ਅਰੁਣਾਂਚਲ ਪ੍ਰਦੇਸ਼, ਗੋਆ ਤੇ ਸਿੱਕਮ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਇੱਕ ਉਮੀਦਵਾਰ ਵੱਧ ਤੋਂ ਵੱਧ 70 ਲੱਖ ਰੁਪਏ ਖ਼ਰਚ ਕਰ ਸਕਦਾ ਹੈ। ਅਰੁਣਾਂਚਲ ਪ੍ਰਦੇਸ਼, ਗੋਆ ਤੇ ਸਿੱਕਮ ਵਿੱਚ ਉਮੀਦਵਾਰ ਸਿਰਫ਼ 54 ਲੱਖ ਰੁਪਏ ਹੀ ਖ਼ਰਚ ਸਕਦੇ ਹਨ। ਕਈ ਵਾਰ ਉਮੀਦਵਾਰਾਂ ਵੱਲੋਂ ਡਮੀ ਉਮੀਦਵਾਰ ਵੀ ਮੈਦਾਨ 'ਚ ਉਤਾਰ ਦਿੱਤੇ ਜਾਂਦੇ ਹਨ। ਮੁੱਖ ਉਮੀਦਵਾਰ ਡਮੀ ਉਮੀਦਵਾਰ ਦੇ ਪੈਸਿਆਂ ਰਾਹੀਂ ਆਪਣਾ ਚੋਣ ਖ਼ਰਚਾ ਕਰਦਾ ਹੈ। ਚੋਣ ਕਮਿਸ਼ਨ ਇਨ੍ਹਾਂ ਤਰੀਕਿਆਂ 'ਤੇ ਵੀ ਬਰੀਕੀ ਨਾਲ ਨਜ਼ਰ ਰੱਖੇਗਾ।

ਵਿਧਾਨ ਸਭਾ ਚੋਣਾਂ ਲਈ ਇਹ ਰਕਮ 20 ਤੋਂ 28 ਲੱਖ ਰੁਪਏ ਵਿਚਾਲੇ ਹੁੰਦੀ ਹੈ। ਇਸ ਖ਼ਰਚੇ ਵਿੱਚ ਇੱਕ ਸਿਆਸੀ ਪਾਰਟੀ ਵੱਲੋਂ ਖ਼ਰਚ ਕੀਤਾ ਗਿਆ ਧਨ ਜਾਂ ਉਮੀਦਵਾਰ ਦੀ ਮੁਹਿੰਮ ਲਈ ਸਮਰਥਕਾਂ ਵੱਲੋਂ ਖ਼ਰਚ ਕੀਤੀ ਰਕਮ ਸ਼ਾਮਲ ਹੁੰਦੀ ਹੈ ਪਰ ਇਸ ਵਿੱਚ ਪਾਰਟੀ ਦੇ ਪ੍ਰੋਗਰਾਮ ਦੇ ਪ੍ਰਚਾਰ ਲਈ ਕਿਸੇ ਪਾਰਟੀ ਜਾਂ ਪਾਰਟੀ ਦੇ ਲੀਡਰ ਵੱਲੋਂ ਕੀਤਾ ਗਿਆ ਖ਼ਰਚਾ ਕਵਰ ਨਹੀਂ ਕੀਤਾ ਜਾਂਦਾ।

ਜ਼ਿਕਰਯੋਗ ਹੈ ਕਿ ਉਮੀਦਵਾਰਾਂ ਨੂੰ ਇੱਕ ਵੱਖਰਾ ਖ਼ਾਤਾ ਰੱਖਣਾ ਹੁੰਦਾ ਹੈ। ਕਾਨੂੰਨ ਮੁਤਾਬਕ ਇਸ ਖਾਤੇ ਵਿੱਚ ਚੋਣ ਖ਼ਰਚੇ ਦਰਜ ਕੀਤੇ ਜਾਂਦੇ ਹਨ। ਖ਼ਰਚ ਦੀ ਗ਼ਲਤ ਜਾਣਕਾਰੀ ਦੇਣ ਅਤੇ ਹੱਦੋਂ ਵੱਧ ਖ਼ਰਚਾ ਕਰਨਾ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 10-ਏ ਦੇ ਤਹਿਤ ਤਿੰਨ ਸਾਲ ਲਈ ਅਯੋਗਤਾ ਦਾ ਕਾਰਨ ਬਣ ਸਕਦਾ ਹੈ।

ਦੁਨੀਆਂ ਦੀ ਸਭ ਤੋਂ ਮਹਿੰਗੀ ਚੋਣ ਹੋਵੇਗੀ : ਭਾਰਤ ਦੀਆਂ ਲੋਕ ਸਭਾ ਚੋਣਾਂ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਸਾਬਤ ਹੋਣ ਜਾ ਰਹੀਆਂ ਹਨ। 'ਕਾਰਨੀਜ਼ ਐਂਡੋਮੈਂਟ ਫ਼ੋਰ ਇੰਟਰਨੈਸ਼ਨਲ ਪੀਸ ਥਿੰਕਟੈਂਕ' ਵਿਚ ਸੀਨੀਅਰ ਫੈਲੋ ਅਤੇ ਦੱਖਣੀ ਏਸ਼ੀਆ ਪ੍ਰੋਗਰਾਮ ਦੇ ਨਿਦੇਸ਼ਕ ਮਿਲਨ ਵੈਸ਼ਣਵ ਮੁਤਾਬਕ ਭਾਰਤ 'ਚ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 35,547 ਕਰੋੜ ਰੁਪਏ ਖ਼ਰਚ ਹੋਏ ਸਨ। ਉਥੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ 50 ਤੋਂ 60 ਹਜ਼ਾਰ ਕਰੋੜ ਰੁਪਏ ਦਾ ਖ਼ਰਚ ਹੋਣ ਦਾ ਅਨੁਮਾਨ ਹੈ, ਜੋ ਦੁਨੀਆਂ ਭਰ 'ਚ ਹੋਈਆਂ ਚੋਣਾਂ ਦੇ ਖ਼ਰਚ ਵਿਚੋਂ ਸਭ ਤੋਂ ਜ਼ਿਆਦਾ ਹੋਵੇਗਾ।