ਸਰਕਾਰ ਨੇ ਦੋ ਕਸ਼ਮੀਰੀ ਅਖਬਾਰਾਂ ਨੂੰ ਇਸ਼ਤਿਹਾਰ ਦੇਣੇ ਕੀਤੇ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰੀ ਇਸ਼ਤਿਹਾਰ ਦੇਣੇ ਬੰਦ ਕਰਨ ਦੇ ਵਿਰੋਧ ਵਿਚ ਅੱਜ ਕਸ਼ਮੀਰ ਦੇ ਬਹੁਤੇ ਅੰਗਰੇਜ਼ੀ ਤੇ ਉਰਦੂ ਅਖਬਾਰਾਂ ਨੇ ਆਪਣਾ ਪਹਿਲਾ ਪੰਨਾ ਖਾਲੀ ਰੱਖਿਆ ਹੈ...

Kashmir Reader

ਸ਼੍ਰੀਨਗਰ: ਜੰਮੂ ਤੇ ਕਸ਼ਮੀਰ ਦੀ ਸਰਕਾਰ ਵਲੋਂ ਦੋ ਕਸ਼ਮੀਰੀ ਅਖਬਾਰਾਂ ਨੂੰ ਸਰਕਾਰੀ ਇਸ਼ਤਿਹਾਰ ਦੇਣੇ ਬੰਦ ਕਰਨ ਦੇ ਵਿਰੋਧ ਵਿਚ ਅੱਜ ਕਸ਼ਮੀਰ ਦੇ ਬਹੁਤੇ ਅੰਗਰੇਜ਼ੀ ਤੇ ਉਰਦੂ ਅਖਬਾਰਾਂ ਨੇ ਆਪਣਾ ਪਹਿਲਾ ਪੰਨਾ ਖਾਲੀ ਰੱਖਿਆ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰੀ ਵਿਚ ਇਸ ਵੇਲੇ ਰਾਸ਼ਟਰਪਤੀ ਰਾਜ ਦੇ ਤਹਿਤ ਕੇਂਦਰ ਸਰਕਾਰ ਦਾ ਹੀ ਹੁਕਮ ਚੱਲ ਰਿਹਾ ਹੈ ਤੇ ਸਰਕਾਰ ਨੇ ਲੰਘੇ ਮਹੀਨੇ ਕਸ਼ਮੀਰ ਦੇ ਦੋ ਅਖਬਾਰਾਂ- “ਗਰੇਟਰ ਕਸ਼ਮੀਰ” ਅਤੇ “ਕਸ਼ਮੀਰ ਰੀਡਰ” ਨੂੰ ਦਿੱਤੇ ਜਾਂਦੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਸਨ।

ਕਸ਼ਮੀਰ ਐਡੀਟਰਜ਼ ਗਿਲਟ ਨੇ ਸਰਕਾਰ ਨੇ ਇਸ ਫੈਸਲੇ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਸਰਕਾਰ ਨੇ ਆਪਣੀ ਕਾਰਵਾਈ ਦਾ ਕੋਈ ਵੀ ਕਾਰਨ ਨਹੀਂ ਦੱਸਿਆ। ਬਹੁਤੇ ਕਸ਼ਮੀਰੀ ਅਖਬਾਰਾਂ ਨੇ ਅੱਜ ਆਪਣਾ ਪਹਿਲਾ ਪੰਨਾ ਖਾਲੀ ਰੱਖ ਕੇ ਸਰਕਾਰ ਦੇ ਵਿਵਾਦਤ ਫੈਸਲੇ ਦਾ ਵਿਰੋਧ ਕੀਤਾ ਹੈ ਤੇ ਸਰਕਾਰ ਵਲੋਂ ਨਿਸ਼ਾਨਾ ਬਣਾਏ ਗਏ ਅਖਬਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵਲੋਂ ਖਬਰ ਅਦਾਰਿਆਂ ਉੱਤੇ ਦਬਾਅ ਬਣਾਉਣ ਲਈ ਹੀ ਇਨ੍ਹਾਂ ਦੋ ਕਸ਼ਮੀਰੀ ਅਖਬਾਰਾਂ ਨੂੰ ਦਿੱਤੇ ਜਾਣ ਵਾਲੇ ਸਰਕਾਰੀ ਇਸ਼ਤਿਹਾਰ ਬੰਦ ਕੀਤੇ ਹਨ ਕਿਉਂਕਿ ਸਰਕਾਰੀ ਇਸ਼ਤਿਹਾਰ ਖਬਰ ਅਦਾਰਿਆਂ ਨੂੰ ਹੋਣ ਵਾਲੀ ਕਮਾਈ ਦਾ ਵੱਡਾ ਸਾਧਨ ਮੰਨੇ ਜਾਂਦੇ ਹਨ।