ਇਸ ਵਾਰ ਚੋਣ ਖ਼ਰਚ 'ਚ ਅਮਰੀਕਾ ਨੂੰ ਪਛਾੜ ਦੇਵੇਗਾ ਭਾਰਤ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2019 ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਹੈ। ਚੋਣ ਜ਼ਾਬਤਾ ਲਾਗੂ ਹੋ ਗਿਆ ਹੈ.........

This time India will surpass the US in election expenditure!

ਨਵੀਂ ਦਿੱਲੀ- ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2019 ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਹੈ। ਚੋਣ ਜ਼ਾਬਤਾ ਲਾਗੂ ਹੋ ਗਿਆ ਹੈ,ਦੇਸ਼ ਦੀਆਂ 543 ਸੀਟਾਂ 'ਤੇ 11 ਅਪ੍ਰੈਲ ਤੋਂ ਵੋਟਿੰਗ ਸ਼ੁਰੂ ਹੋ ਜਾਵੇਗੀ। ਇਕ ਅਨੁਮਾਨ ਮੁਤਾਬਕ ਇਸ ਵਾਰ ਭਾਰਤ ਦੀਆਂ ਆਮ ਚੋਣਾਂ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਸਾਬਤ ਹੋਣ ਜਾ ਰਹੀਆਂ ਹਨ।

'ਕਾਰਨੀਜ਼ ਐਂਡੋਮੈਂਟ ਫੋਰ ਇੰਟਰਨੈਸ਼ਨਲ ਪੀਸ ਥਿੰਕਟੈਂਕ' ਵਿਚ ਸੀਨੀਅਰ ਫੈਲੋ ਅਤੇ ਦੱਖਣੀ ਏਸ਼ੀਆ ਪ੍ਰੋਗਰਾਮ ਦੇ ਨਿਦੇਸ਼ਕ ਮਿਲਨ ਵੈਸ਼ਣਵ ਮੁਤਾਬਕ ਭਾਰਤ ਵਿਚ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 35,547 ਕਰੋੜ ਰੁਪਏ ਖ਼ਰਚ ਹੋਏ ਸਨ। ਉਥੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ 50 ਤੋਂ 60 ਹਜ਼ਾਰ ਕਰੋੜ ਰੁਪਏ ਦਾ ਖ਼ਰਚ ਹੋਣ ਦਾ ਅਨੁਮਾਨ ਹੈ, ਜੋ ਵਿਸ਼ਵ ਭਰ ਵਿਚ ਹੋਈਆਂ ਚੋਣਾਂ ਦੇ ਖ਼ਰਚ ਵਿਚੋਂ ਸਭ ਤੋਂ ਜ਼ਿਆਦਾ ਹੋਵੇਗਾ।

ਜੇਕਰ ਗੱਲ ਕਰੀਏ ਭਾਰਤ ਦੇ ਕੁੱਝ ਸੂਬਿਆਂ ਦੇ ਚੋਣ ਖ਼ਰਚ ਦੀ ਤਾਂ ਸੈਂਟਰ ਫਾਰ ਮੀਡੀਆ ਸਟੱਡੀਜ਼ ਨੇ ਅਪਣੇ ਸਰਵੇ ਵਿਚ ਕਰਨਾਟਕ ਚੋਣ ਨੂੰ 'ਪੈਸਾ ਪੀਣ ਵਾਲੀ' ਦੱਸਿਆ ਸੀ। ਇਕ ਮੀਡੀਆ ਰਿਪੋਰਟ ਅਨੁਸਾਰ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵਲੋਂ ਕਰਨਾਟਕ ਚੋਣ ਵਿਚ 9500 ਤੋਂ 10500 ਕਰੋੜ ਰੁਪਏ ਦੇ ਵਿਚਕਾਰ ਪੈਸਾ ਖ਼ਰਚ ਕੀਤਾ ਗਿਆ।

ਇਹ ਖ਼ਰਚ ਰਾਜ ਵਿਚ ਕਰਵਾਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਖ਼ਰਚ ਤੋਂ ਦੁੱਗਣਾ ਹੈ। ਹਾਲਾਂਕਿ ਇਸ ਵਿਚ ਪ੍ਰਧਾਨ ਮੰਤਰੀ ਦੀ ਮੁਹਿੰਮ ਵਿਚ ਹੋਇਆ ਖ਼ਰਚ ਸ਼ਾਮਲ ਨਹੀਂ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵੀ ਵਿਧਾਨ ਸਭਾ ਚੋਣ ਖ਼ਰਚ ਦੇ ਮਾਮਲੇ ਵਿਚ ਸਭ ਤੋਂ ਅੱਗੇ ਹਨ।

ਖ਼ੈਰ ਜੇਕਰ ਉਕਤ ਸੰਸਥਾ ਦੇ ਅਨੁਮਾਨ ਮੁਤਾਬਕ ਭਾਰਤ ਦੀਆਂ ਲੋਕ ਸਭਾ ਚੋਣਾਂ ਵਿਚ 50 ਤੋਂ 60 ਹਜ਼ਾਰ ਕਰੋੜ ਰੁਪਏ ਖ਼ਰਚ ਹੁੰਦਾ ਹੈ ਤਾਂ ਇਸ ਵਾਰ ਚੋਣ ਖ਼ਰਚੇ ਵਿਚ ਭਾਰਤ ਅਮਰੀਕਾ ਨੂੰ ਪਛਾੜ ਕੇ ਨੰਬਰ ਵਨ ਬਣ ਜਾਵੇਗਾ ਕਿਉਂਕਿ ਅਮਰੀਕਾ ਵਿਚ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਕਾਂਗਰਸ ਚੋਣਾਂ ਵਿਚ 46,211 ਕਰੋੜ ਰੁਪਏ ਖ਼ਰਚ ਹੋਏ ਸਨ।