ਚੋਣਾਂ ਵਾਲੇ ਰਾਜਾਂ ਵਿਚ ਲੋਕਾਂ ਨੂੰ ਜਾਗ੍ਰਿਤ ਕਰਨ ਜਾਣਗੇ ਕਿਸਾਨ ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

''ਅੰਦੋਲਨ ਨੂੰ ਖ਼ਤਮ ਕਰਨਾ ਸਾਡੇ ਨਹੀਂ ਸਰਕਾਰ ਦੇ ਹੱਥ''

Balbir Singh Rajewal and prof. manjeet singh

ਚੰਡੀਗੜ੍ਹ - ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਇਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਮੋਰਚੇ  ਦੇ ਆਗੂ 5 ਰਾਜਾਂ ਵਿਚ ਜਿੱਥੇ  ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਉਥੇ ਜਾਣਗੇ ਅਤੇ ਲੋਕਾਂ ਨੂੰ ਜਾਗ੍ਰਿਤ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਦੇਸ਼ ਦੇ 21 ਰਾਜਾਂ ’ਚ ਫੈਲ ਗਿਆ ਹੈ। ਉਨ੍ਹਾਂ ਕਿਹਾ ਕਿ ਕੁਦਰਤ ਵਾਲੇ ਨੇ ਹਰ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੀ ਕਰਵਾਈ ਹੈ। ਐਮਰਜੈਂਸੀ ਖਿਲਾਫ ਮੋਰਚਾ ਪੰਜਾਬ ਤੋਂ ਸ਼ੁਰੂ ਹੋਇਆ ਸੀ ਅਤੇ ਆਜ਼ਾਦੀ ਦੀ ਲੜਾਈ ਵੀ ਪੰਜਾਬ ਤੋਂ ਹੀ ਸ਼ੁਰੂ ਹੋਈ ਸੀ। ਆਜ਼ਾਦੀ ਦੀ ਲੜਾਈ ਵਿਚ ਪੰਜਾਬ ਤੇ ਬੰਗਾਲ ਦੇ ਲੋਕਾਂ ਵੱਡਾ ਯੋਗਦਾਨ ਰਿਹਾ।

ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਾਰੀਆਂ ਸਟੇਟਾ ਵਿਚ ਜਾ ਕੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਜਾਗ੍ਰਿਤ ਕਰਨਗੇ ਕਿ ਇਹ ਅੰਦੋਲਨ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਅਤੇ ਦੱਸਣਗੇ ਕਿ ਸਰਕਾਰ ਨੇ ਕਿਸੇ ਵੀ ਵਰਗ ਨੂੰ ਨਹੀਂ ਬਖਸਣਾ ਇਸ ਲਈ ਸਾਰੇ ਲੋਕਾਂ ਨੂੰ ਇਕਮੁੱਠ ਹੋਣ ਦੀ ਲੋੜ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਅਸੀਂ ਕਿਸੇ ਪਾਰਟੀ ਲਈ ਵੋਟ ਨਹੀਂ ਮੰਗਾਂਗੇ ਬਸ ਬੀਜੇਪੀ ਦਾ ਵਿਰੋਧ ਕਰਾਂਗੇ । ਇਕ ਸਵਾਲ ਦੇ ਜਵਾਬ ਵਿਚ ਨੇਤਾਵਾਂ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਕਹਿਣ ਲਈ ਕੁੱਝ ਨਹੀਂ,ਜੇ ਕਾਨੂੰਨਾਂ ਵਿਚ ਸੋਧਾਂ ਹੀ ਕਰਨੀਆਂ ਹਨ ਤਾਂ ਵਾਪਸ ਕਿਉਂ ਨਹੀਂ ਲੈ ਲੈਂਦੇ ।

ਉਨ੍ਹਾਂ ਕਿਹਾ ਕਿ ਇਹ ਪਹਿਲੇ ਕਾਨੂੰਨ ਹਨ ਜਿਨ੍ਹਾਂ ਦੇ ਬਣਦਿਆਂ ਸਾਰ ਹੀ ਉਨ੍ਹਾਂ ਨੂੰ ਰੱਦ ਕਰਨ ਦੀ ਮੰਗ ਉਠ ਰਹੀ ਹੈ, ਆਮ ਤੌਰ ’ਤੇ ਸੋਧਾਂ ਵੀ ਕਈ ਸਾਲ ਬਾਅਦ ਹੁੰਦੀਆ ਹਨ। ਹਰਿਆਣਾ ਵਿਚ ਸਰਕਾਰ ਕਿਉਂ ਨਹੀਂ ਡਿਗ ਸਕੀ ਦੇ ਜਵਾਬ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣੇ ਦੇ ਲੋਕ ਤਾਂ ਜਾਗ੍ਰਿਤ ਹਨ ਪਰ ਵਿਧਾਇਕ ਜਾਗ੍ਰਿਤ ਨਹੀਂ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਲੋਕਾਂ ਨੇ ਵਿਧਾਇਕਾਂ ਨੂੰ ਮੈਮੋਰੰਡਮ ਦਿੱਤੇ ਸਨ ਤੇ ਧਰਨੇ ਵੀ ਦਿੱਤੇ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਲੋਕ ਪਹਿਲਾਂ ਹੀ ਸਰਗਮ ਹਨ ਤੇ ਅਸੀਂ ਲਿਟਰੇਚਰ ਵੀ ਭੇਜ ਦਿੱਤਾ ਹੈ।

ਪੱਛਮੀ ਬੰਗਾਲ ਵਿਚ ਬੀਜੇਪੀ ਨੂੰ ਚੰਗਾ ਝਟਕਾ ਲੱਗੇਗਾ। 9 ਮੈਂਬਰੀ ਕਮੇਟੀ ਬਾਰੇ ਪੁੱਛੇ ਸਵਾਲ ਦੇ  ਜਵਾਬ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕੋਈ ਨਵੀਂ ਕਮੇਟੀ ਨਹੀਂ ਸਗੋਂ ਕੌਮੀ ਕਮੇਟੀ ਵਿਚ ਪਹਿਲਾਂ 7 ਮੈਂਬਰ ਸੀ ਹੁਣ ਯੋਗਿੰਦਰ ਯਾਦਵ ਤੇ ਟਿਕੈਤ ਸਾਹਬ ਦੇ ਭਰਾ ਨੂੰ ਪੱਕੇ ਮੈਂਬਰ ਬਣਾ ਕੇ 9 ਮੈਂਬਰ ਬਣਾਏ ਗਏ ਹਨ। ਸਾਡੇ ਲਈ ਬੀਜੇਪੀ ਤੇ ਕਾਂਗਰਸ ਇਕੋ ਜਿਹੇ ਨੇ ਅਸੀਂ ਕਿਸੇ ਪਾਰਟੀ ਨਾਲ ਬੱਝੇ ਨਹੀਂ ਹਾਂ। ਸਾਡਾ ਵਿਰੋਧ ਬੀਜੇਪੀ ਨਾਲ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਰਾਜ ਹੱਠ ਵਿਚ ਫਸੀ ਹੋਈ ਹੈ। ਚੋਣਾਂ ਵਾਲੇ ਰਾਜਾਂ ਵਿਚ ਜਾਣ ਮੌਕੇ ਮੋਰਚੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਆਗੂਆਂ ਨੇ ਕਿਹਾ ਕਿ ਇਸ  ਦੌਰਾਨ ਡਾ. ਦਰਸ਼ਨ ਪਾਲ ਇਥੇ ਰਹਿਣਗੇ। ਅਸੀਂ ਰੁਟੇਸ਼ਨ ਵਾਈਜ਼ ਜਾਵਾਂਗੇ। ਮੋਰਚਾ ਸੁੰਨਾ ਨਹੀਂ ਛੱਡਾਂਗੇ।

ਯੋਗਿੰਦਰ ਯਾਦਵ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਆਗੂਆਂ ਨੇ ਕਿਹਾ ਕਿ ਯੋਗਿੰਦਰ ਯਾਦਵ ਮੀਟਿੰਗਾਂ ਤੋਂ ਬਾਅਦ ਹੀ ਕੋਈ ਗੱਲ ਕਰਦੇ ਹਨ। ਰਵਨੀਤ ਬਿੱਟੂ ਬਾਰੇ ਪੁੱਛੇ ਸਵਾਲ ਤੇ ਕਿਸਾਨ ਆਗੂਆਂ ਨੇ  ਕਿਹਾ ਕਿ ਰਵਨੀਤ ਬਿੱਟੂ ਦਾ ਕਸੂਰ ਨਹੀਂ ਉਹ ਜ਼ਮੀਨ  ਲੱਭ ਰਹੇ ਹਨ। ਰਵਨੀਤ ਬਿੱਟੂ ਸਾਡੇ ਏਜੰਡੇ ਤੇ ਨਹੀਂ ਹਨ। ਸਾਡਾ ਸਾਰਾ ਧਿਆਨ ਅੰਦੋਲਨ ਵੱਲ ਹੈ। ਮੋਰਚੇ ਨਾਲ ਮੋਹ ਹੋ ਗਿਆ ਹੈ। ਮੋਰਚਾ ਇਕ ਤਰਾਂ ਸਾਡਾ ਪਿੰਡ ਹੀ ਬਣ  ਗਿਆ ਹੈ।

ਹੁਣ ਰਾਜਨੀਤੀ ਕਿਸਾਨ ਮੋਰਚੇ ਦੇ ਥੱਲੇ ਲੱਗੇਗੀ। ਸਾਡੇ ਲਈ ਅੰਦੋਲਨ ਜਿੱਤਣਾ ਜ਼ਰੂਰੀ ਹੈ। ਦੇਸ਼ ਨੂੰ ਕਿਵੇਂ ਬਚਾਉਣਾ ਹੈ ਅਸੀਂ ਇਹ ਦੇਖਣਾ ਹੈ। ਮਜ਼ਦੂਰਾਂ ਨਾਲ, ਮੁਲਾਜ਼ਮਾਂ  ਨਾਲ, ਟਰੇਡ ਯੂਨੀਅਨਾਂ ਨਾਲ ਰਲ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ, ਇਹ ਲੜਾਈ ਵੱਡੀ ਲੜਾਈ ਹੈ। ਦੇਸ਼ ਦੇ ਲੋਕਾਂ ਦਾ ਹੁੰਗਾਰਾ ਬਹੁਤ ਵੱਡਾ ਹੈ, ਹਰ ਪਿੰਡ ਜਥੇ ਭੇਜ ਰਿਹਾ ਹੈ। ਅੰਦੋਲਨ ਨੂੰ ਖ਼ਤਮ ਕਰਨਾ ਸਾਡੇ ਨਹੀਂ ਸਰਕਾਰ ਦੇ ਹੱਥ ਹੈ। ਜਦੋਂ ਸਰਕਾਰ ਤਿੰਨੇ ਕਾਨੂੰਨ ਰੱਦ ਕਰ ਦੇਵੇਗੀ ਅਸੀਂ ਘਰਾਂ ਨੂੰ ਚਲੇ ਜਾਵਾਂਗੇ।