ਦਿੱਲੀ 'ਚ ਦਰਦਨਾਕ ਹਾਦਸਾ, ਝੁੱਗੀ 'ਚ ਭਿਆਨਕ ਅੱਗ ਲੱਗਣ ਕਾਰਨ 3 ਲੋਕ ਜ਼ਿੰਦਾ ਸੜੇ
ਪੁਲਿਸ ਅੱਗ ਲੱਗਣ ਦੇ ਕਾਰਨਾਂ ਦਾ ਲਗਾ ਰਹੀ ਪਤਾ
ਦਿੱਲੀ ਦੇ ਆਨੰਦ ਵਿਹਾਰ 'ਚ ਝੁੱਗੀ-ਝੌਂਪੜੀ 'ਚ ਭਿਆਨਕ ਅੱਗ ਲੱਗ ਗਈ ਹੈ, ਜਿਸ 'ਚ ਜ਼ਿੰਦਾ ਸੜ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਏਜੀਸੀਆਰ ਐਨਕਲੇਵ ਵਿੱਚ ਵਾਪਰਿਆ।
ਦੇਰ ਰਾਤ ਕਰੀਬ 2.15 ਵਜੇ ਵਾਪਰੇ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫ਼ਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਫ਼ਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ 'ਚ ਕਰੀਬ 30 ਮਿੰਟ ਲੱਗ ਗਏ ਪਰ ਅੱਗ ਕਿਵੇਂ ਲੱਗੀ? ਪੁਲਿਸ ਇਸ ਦਾ ਕਾਰਨ ਲੱਭਣ ਵਿੱਚ ਜੁਟੀ ਹੈ।
ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਜੱਗੀ ਕੁਮਾਰ (34 ਸਾਲ) ਵਾਸੀ ਉੱਤਰ ਪ੍ਰਦੇਸ਼, ਸ਼ਿਆਮ ਸਿੰਘ (36 ਸਾਲ) ਵਾਸੀ ਉੱਤਰ ਪ੍ਰਦੇਸ਼, ਜਤਿੰਦਰ ਕੁਮਾਰ (35 ਸਾਲ) ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ 2.42 ਵਜੇ ਝੁੱਗੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਜਦੋਂ ਅਸੀਂ ਝੁੱਗੀ ਦੇ ਅੰਦਰ ਗਏ ਤਾਂ 3 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾਵੇਗੀ।