ਉਨਾਵ ਬਲਾਤਕਾਰ ਮਾਮਲਾ : ਕਾਂਗਰਸ ਨੇ ਯੋਗੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ
ਉਤਰ ਪ੍ਰਦੇਸ਼ ਦੇ ਉਨਾਵ 'ਚ ਹੋਏ ਸਮੂਹਿਕ ਬਲਾਤਕਾਰ ਮਾਮਲੇ 'ਚ ਕਾਂਗਰਸ ਨੇ ਸੂਬਾ ਸਰਕਾਰ 'ਤੇ ਮਹਿਲਾ ਸੁਰੱਖਿਆ 'ਚ ਅਸਫ਼ਲ ਰਹਿਣ ਦਾ ਦੋਸ਼ ਲਗਾਇਆ...
ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਉਨਾਵ 'ਚ ਹੋਏ ਸਮੂਹਿਕ ਬਲਾਤਕਾਰ ਮਾਮਲੇ 'ਚ ਕਾਂਗਰਸ ਨੇ ਸੂਬਾ ਸਰਕਾਰ 'ਤੇ ਮਹਿਲਾ ਸੁਰੱਖਿਆ 'ਚ ਅਸਫ਼ਲ ਰਹਿਣ ਦਾ ਦੋਸ਼ ਲਗਾਇਆ ਅਤੇ ਪ੍ਰਦੇਸ਼ ਸਰਕਾਰ ਨੂੰ 'ਰਾਵਣ ਰਾਜ' ਕਰਾਰ ਦਿੰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਯੋਗੀ ਆਦਿਤਿਆਨਾਥ ਦੀ ਸਰਕਾਰ ਰਾਵਣ ਦੀ ਸਰਕਾਰ ਹੈ ਜੋ ਮਹਿਲਾ ਦੀ ਸੁਰੱਖਿਆ ਕਰਨ 'ਚ ਅਸਫ਼ਲ ਰਹੀ ਹੈ। ਯੋਗੀ ਨੂੰ ਹੁਣ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਮੁੱਖ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਦਿਤਾ ਜਾਣਾ ਚਾਹੀਦਾ ਹੈ।
ਉਨਾਵ ਦੀ 18 ਸਾਲ ਦੀ ਲੜਕੀ ਨੇ ਬਾਂਗਰਮਊ ਦੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੈਂਗਰ ਅਤੇ ਉਸ ਦੇ ਭਰਾ 'ਤੇ ਸਮੂਹਿਕ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਪੀੜਤਾ ਦੇ ਪਿਤਾ ਦੀ ਉਨਾਵ 'ਚ ਪੁਲਿਸ ਹਿਰਾਸਤ 'ਚ ਮੌਤ ਹੋ ਗਈ ਸੀ। ਇਸ ਦੇ ਬਾਅਦ ਲੜਕੀ ਨੇ ਦੋਸ਼ ਲਗਾਇਆ ਕਿ ਭਾਜਪਾ ਵਿਧਾਇਕ ਦੇ ਇਸ਼ਾਰੇ 'ਤੇ ਜ਼ਿਲ੍ਹਾ ਜੇਲ੍ਹ 'ਚ ਇਹ ਕਤਲ ਹੋਇਆ ਹੈ। ਪੁਲਿਸ ਨੇ ਭਾਜਪਾ ਵਿਧਾਇਕ ਦੇ ਭਰਾ ਅਤੁਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਪਹਿਲੇ ਇਕ ਟਵੀਟ 'ਚ ਕਾਂਗਰਸ ਨੇ ਕਿਹਾ ਇਹ ਹੈਰਾਨ ਕਰ ਦੇਣ ਵਾਲਾ ਹੈ ਕਿ ਯੋਗੀ ਸਰਕਾਰ ਨੇ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਵਿਰੁਧ ਬਲਾਤਕਾਰ ਦਾ ਮਾਮਲਾ ਵਾਪਸ ਲੈ ਲਿਆ ਹੈ। ਸਰਕਾਰ ਦਾ ਇਹ ਕਦਮ ਸੂਬੇ 'ਚ ਅਪਰਾਧੀਆਂ ਦੇ ਹੌਂਸਲੇ ਬੁਲੰਦ ਕਰੇਗਾ ਅਤੇ ਮਹਿਲਾ ਸੁਰੱਖਿਆ ਨੂੰ ਖਤਰੇ 'ਚ ਪਾਵੇਗਾ। ਉਤਰ ਪ੍ਰਦੇਸ਼ 'ਚ ਔਰਤਾਂ ਵਿਰੁਧ ਅਪਰਾਧ ਤੇਜ਼ੀ ਨਾਲ ਵਧ ਰਹੇ ਹਨ।