ਕੈਰਾਨਾ 'ਚ ਪੋਲਿੰਗ ਬੂਥ 'ਤੇ ਬੀਐਸਐਫ ਜਵਾਨ ਵਲੋਂ ਫਾਈਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੜਕੇ ਹੋਏ ਲੋਕਾਂ ਨੇ ਚੋਣਾਂ ਦਾ ਕੀਤਾ ਬਾਈਕਾਟ

Lok Sabha Election 2019

2019 ਦੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਕਾਫ਼ੀ ਮਹੱਤਵਪੂਰਨ ਮੰਨੀ ਜਾਂਦੀ ਯੂਪੀ ਦੀ ਕੈਰਾਨਾ ਲੋਕ ਸਭਾ ਖੇਤਰ ਦੇ ਕਾਂਧਲਾ ਨੇੜਲੇ ਪਿੰਡ ਰਸੂਲਪੁਰ ਗੁਜਰਾਨ ਵਿਚ ਵੋਟਿੰਗ ਦੌਰਾਨ ਉਸ ਸਮੇਂ ਵੱਡਾ ਬਵਾਲ ਖੜ੍ਹਾ ਹੋ ਗਿਆ ਜਦੋਂ ਕੁੱਝ ਲੋਕਾਂ ਨੂੰ ਬੂਥ ਵਿਚ ਵੜਨ ਤੋਂ ਰੋਕਣ ਲਈ ਬੀਐਸਐਫ ਦੇ ਜਵਾਨਾਂ ਨੇ ਗੋਲੀ ਚਲਾ ਦਿਤੀ।

ਦਰਅਸਲ ਇੱਥੋਂ ਦੇ ਦੋ ਪਿੰਡ ਵਾਲਿਆਂ ਨੇ ਵੋਟਿੰਗ ਕਰਮਚਾਰੀਆਂ 'ਤੇ ਉਨ੍ਹਾਂ ਨੂੰ ਵੋਟ ਨਾ ਪਾਉਣ ਦੇਣ ਅਤੇ ਖ਼ੁਦ ਹੀ ਇਕ ਉਮੀਦਵਾਰ ਨੂੰ ਵੋਟ ਦੇਣ ਦਾ ਦੋਸ਼ ਲਗਾਇਆ। ਇਸ ਦੀ ਜਾਣਕਾਰੀ ਜਦੋਂ ਹੋਰ ਪਿੰਡ ਵਾਲਿਆਂ ਨੂੰ ਲੱਗੀ ਤਾਂ ਵੱਡੀ ਗਿਣਤੀ ਵਿਚ ਉਹ ਬੂਥ 'ਤੇ ਪਹੁੰਚ ਗਏ ਅਤੇ ਹੰਗਾਮਾ ਸ਼ੁਰੂ ਕਰ ਦਿਤਾ। ਐਮਐਲਸੀ ਅਤੇ ਭਾਜਪਾ ਨੇਤਾ ਵਿਰੇਂਦਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ।

ਜਦੋਂ ਵਿਵਾਦ ਜ਼ਿਆਦਾ ਵਧ ਗਿਆ ਤਾਂ ਇਕ ਬੀਐਸਐਫ ਜਵਾਨ ਨੇ ਪੰਜ ਹਵਾਈ ਫਾਇਰ ਕਰ ਦਿਤੇ। ਜਿਸ ਨਾਲ ਬੂਥ 'ਤੇ ਹੜਕੰਪ ਮਚ ਗਿਆ। ਇਸ ਮਗਰੋਂ ਪਿੰਡ ਵਾਲਿਆਂ ਨੇ ਵੋਟਿੰਗ ਦਾ ਬਾਈਕਾਟ ਕਰ ਦਿਤਾ। ਸੂਚਨਾ ਮਿਲਣ 'ਤੇ ਜ਼ਿਲ੍ਹਾ ਅਧਿਕਾਰੀ ਅਖਿਲੇਸ਼ ਸਿੰਘ ਅਤੇ ਪੁਲਿਸ ਮੁਖੀ ਅਜੈ ਕੁਮਾਰ ਵੀ ਪਿੰਡ ਪਹੁੰਚ ਗਏ। ਜਿਨ੍ਹਾਂ ਨੇ ਕਿਸੇ ਤਰ੍ਹਾਂ ਲੋਕਾਂ ਨੂੰ ਸਮਝਾਇਆ ਅਤੇ ਵੋਟਿੰਗ ਦੁਬਾਰਾ ਸ਼ੁਰੂ ਕਰਵਾਈ।

ਇਸ ਤੋਂ ਪਹਿਲਾਂ ਸਵੇਰ ਵੇਲੇ ਕੈਰਾਨਾ ਦੇ ਪੋਲਿੰਗ ਬੂਥ 287 'ਤੇ ਵੋਟਿੰਗ ਸ਼ੁਰੂ ਹੁੰਦੇ ਹੀ ਈਵੀਐਮ ਖ਼ਰਾਬ ਹੋ ਗਈ। ਜਿਸ ਕਾਰਨ ਕਰੀਬ 20 ਮਿੰਟ ਤਕ ਵੋਟਿੰਗ ਰੁਕੀ ਰਹੀ। ਦਸ ਦਈਏ ਕਿ ਕੈਰਾਨਾ ਲੋਕ ਸੀਟ 'ਤੇ ਗਠਜੋੜ ਵਿਚ ਸਪਾ ਦੇ ਤਬੱਸੁਮ ਬੇਗ਼ਮ, ਭਾਜਪਾ ਦੇ ਪ੍ਰਦੀਪ ਚੌਧਰੀ ਅਤੇ ਕਾਂਗਰਸ ਦੇ ਹਰਿੰਦਰ ਮਲਿਕ ਵਿਚਕਾਰ ਤਿਕੋਣਾ ਮੁਕਾਬਲਾ ਹੋ ਰਿਹਾ ਹੈ।