ਮਹਾਰਾਸ਼ਟਰ ਦੇ ਕਈ ਮਤਦਾਨ ਕੇਂਦਰਾਂ ਵਿਚ ਮਸ਼ੀਨਾਂ ਵਿਚ ਗੜਬੜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤੀਆਂ 39 ਸ਼ਿਕਾਇਤਾਂ

Maharashtra polling

ਮੁੰਬਈ : ਮਹਾਰਾਸ਼ਟਰ ਦੇ ਸੱਤ ਲੋਕ ਸਭਾ ਚੋਣ ਖੇਤਰਾਂ ਦੀਆਂ ਕੁੱਝ ਥਾਵਾਂ 'ਤੇ ਈਵੀਐਮ ਵਿਚ ਗੜਬੜ ਦੀਆਂ ਸ਼ਿਕਾਇਤਾਂ ਆਈਆਂ ਹਨ। ਅਧਿਕਾਰੀਆਂ ਨੇ ਦਸਿਆ ਕਿ ਗੋਂਦੀਆ ਜ਼ਿਲ੍ਹੇ ਦੇ ਭੰਡਾਰਾ-ਗੋਂਦੀਆ ਖੇਤਰ ਵਿਚ ਵੀਵੀਪੀਏਟੀ ਮਸ਼ੀਨਾਂ ਦੇ ਕੰਮ ਨਾ ਕਰਨ ਸਬੰਧੀ ਖ਼ਬਰਾਂ ਮਗਰੋਂ ਚੋਣ ਅਧਿਕਾਰੀ ਨੇ ਕਿਹਾ ਕਿ ਗੜਬੜ ਵਾਲੀਆਂ ਮਸ਼ੀਨਾਂ ਨੂੰ ਬਦਲਿਆ ਜਾ ਰਿਹਾ ਹੈ ਅਤੇ ਮਤਦਾਨ ਬਿਨਾਂ ਕਿਸੇ ਦੇਰੀ ਹੋ ਰਿਹਾ ਹੈ। ਮਹਾਰਾਸ਼ਟਰ ਵਿਚ ਬੂਥ 127 ਅਤੇ ਬੂਥ 147 ਤੋਂ ਈਵੀਐਮ ਵਿਚ ਗੜਬੜ ਦੀ ਸ਼ਿਕਾਇਤ ਮਿਲੀ ਹੈ। 

ਭੰਡਾਰਾ ਦੇ ਜ਼ਿਲ੍ਹਾ ਅਧਿਕਾਰੀ ਸ਼ਾਂਤਨੂੰ ਗੋਇਲ ਨੇ ਦਸਿਆ ਕਿ ਗੜਬੜ ਵਾਲੀ ਮਸ਼ੀਨ ਨੂੰ ਤੁਰਤ ਬਦਲ ਦਿਤਾ ਗਿਆ। ਨਾਗਪੁਰ ਚੋਣ ਖੇਤਰ ਵਿਚ ਮਤਦਾਨ ਕੇਂਦਰ ਦੇ ਬਾਹਰ ਵੋਟਰ ਨੇ ਕਿਹਾ ਕਿ ਵੋਟਰ ਲੰਮੀਆਂ ਕਤਾਰਾਂ ਵਿਚ ਉਡੀਕ ਕਰ ਰਹੇ ਸਨ ਅਤੇ ਉਥੇ ਮਸ਼ੀਨ ਨੇ ਕੰਮ ਕਰਨਾ ਬੰਦ ਕਰ ਦਿਤਾ। ਕੁੱਝ ਲੋਕ ਘਰ ਮੁੜ ਰਹੇ ਸਨ। ਯਵਤਮਾਲ ਚੋਣ ਖੇਤਰ ਵਿਚ ਵੀ ਮਸ਼ੀਨ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਮਿਲੀ। ਕਾਂਗਰਸ ਨੇ ਕੁੱਝ ਮਤਦਾਨ ਕੇਂਦਰਾਂ ਵਿਚ ਗੜਬੜ ਨਾਲ ਸਬੰਧਤ 39 ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਦਰਜ ਕਰਾਈਆਂ ਹਨ। ਸੂਬਾ ਕਾਂਗਰਸ ਨੇ ਬਿਆਨ ਵਿਚ ਕਿਹਾ ਕਿ ਉਸ ਨੇ ਇਹ ਸ਼ਿਕਾਇਤਾਂ ਦਰਜ ਕਰਾ ਕੇ ਕਾਰਵਾਈ ਕਰਨ ਲਈ ਕਿਹਾ ਹੈ। (ਏਜੰਸੀ)

ਮਤਦਾਤਾ ਸੂਚੀ ਵਿਚੋਂ ਮੇਰਾ ਨਾਮ ਗ਼ਾਇਬ : ਸ਼ੋਭਨਾ ਕਾਮਿਨੇਨੀ

ਅਪੋਲੋ ਹਾਸਪੀਟਲਜ਼ ਗਰੁਪ ਦੀ ਕਾਰਜਕਾਰੀ ਮੀਤ ਪ੍ਰਧਾਨ ਸ਼ੋਭਨਾ ਕਾਮਿਨੇਨੀ ਨੇ ਕਿਹਾ ਕਿ ਉਸ ਦਾ ਨਾਮ ਮਤਦਾਤਾ ਸੂਚੀ ਵਿਚ ਨਹੀਂ ਮਿਲਿਆ। ਉਸ ਨੇ ਕਿਹਾ ਕਿ ਭਾਰਤੀ ਨਾਗਰਿਕ ਵਜੋਂ ਉਸ ਦਾ ਇਹ ਸੱਭ ਤੋਂ ਖ਼ਰਾਬ ਦਿਨ ਰਿਹਾ। ਮਤਦਾਨ ਨਾ ਕਰ ਸਕਣ ਤੋਂ ਦੁਖੀ ਸ਼ੋਭਨਾ ਨੇ ਵੀਡੀਉ ਸੰਦੇਸ਼ ਵਿਚ ਕਿਹਾ, 'ਮੈਂ ਵਾਪਸ ਆ ਗਈ, ਮੈਂ ਵਿਦੇਸ਼ ਯਾਤਰਾ 'ਤੇ ਸੀ। ਵਾਪਸ ਆਈ ਕਿਉਂਕਿ ਮੈਂ ਵੋਟ ਪਾਉਣਾ ਚਾਹੁੰਦੀ ਸੀ। ਮੈਂ ਬੂਥ 'ਤੇ ਗਈ ਅਤੇ ਮੈਨੂੰ ਦਸਿਆ ਗਿਆ ਕਿ ਤੁਹਾਡਾ ਨਾਮ ਸੂਚੀ ਵਿਚ ਨਹੀਂ ਹੈ। ਕੀ ਮੈਂ ਭਾਰਤੀ ਨਾਗਰਿਕ ਨਹੀਂ ਹਾਂ।' ਅਪੋਲੋ ਹਾਸਪੀਟਲਜ਼ ਗਰੁਪ ਦੇ ਬਾਨੀ ਪ੍ਰਤਾਪ ਸੀ ਰੈਡੀ ਦੀ ਬੇਟੀ ਕਾਮਿਨੇਨੀ ਨੇ ਕਿਹਾ, 'ਕੀ ਮੈਨੂੰ ਇਸ ਦੇਸ਼ ਵਿਚ ਨਹੀਂ ਮੰਨਿਆ ਜਾਂਦਾ। ਕੀ ਮੇਰਾ ਵੋਟ ਅਹਿਮ ਨਹੀਂ ਹੈ। ਇਹ ਇਕ ਨਾਗਰਿਕ ਵਜੋਂ ਮੇਰੇ ਵਿਰੁਧ ਅਪਰਾਧ ਹੈ ਅਤੇ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੀ।' (ਏਜੰਸੀ)