ਨਿਰਮਲ ਸਿੰਘ ਦੇ ਇਲਾਜ ਦੌਰਾਨ ਲਾਪਰਵਾਹੀ ਤੇ ਸਸਕਾਰ ਵੇਲੇ ਹੋਇਆ ਘਟਨਾਕ੍ਰਮ ਮੰਦਭਾਗਾ : ਗੋਬਿੰਦਪੁਰੀ
ਪੰਥਕ ਸੇਵਾ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਿਆ ਪੱਤਰ
ਨਵੀਂ ਦਿੱਲੀ (ਸੁਖਰਾਜ ਸਿੰਘ) : ਪੰਥਕ ਸੇਵਾ ਦਲ ਵਲੋਂ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਇਲਾਜ ਦੌਰਾਨ ਵਰਤੀ ਗਈ ਲਾਪਰਵਾਹੀ ਤੇ ਅੰਤਮ ਸਸਕਾਰ ਸਮੇਂ ਹੋਏ ਘਟਨਾਕ੍ਰਮ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਇਕ ਪੱਤਰ ਲਿਖਿਆ ਗਿਆ। ਦਲ ਦੀ ਧਰਮ ਪ੍ਰਚਾਰ ਕਮੇਟੀ ਦੇ ਅਬਜਰਵਰ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਦਸਿਆ ਕਿ ਸਮੁਚੇ ਪੰਥ ਨੂੰ ਭਾਈ ਖ਼ਾਲਸਾ ਦੇ ਅਕਾਲ ਚਲਾਣੇ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਅੰਤਿਮ ਸਸਕਾਰ ਵੇਲੇ ਜੋ ਵਾਪਰਿਆ ਉਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਪੰਥਕ ਸੇਵਾ ਦਲ ਵਲੋਂ ਲਿਖੇ ਪੱਤਰ ਵਿਚ ਜੱਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਇਲਾਜ ਸਮੇਂ ਡਾਕਟਰਾਂ ਵਲੋਂ ਲਾਪਰਵਾਈ ਵਰਤੀ ਗਈ, ਜਿਸ ਦਾ ਜ਼ਿਕਰ ਭਾਈ ਸਾਹਿਬ ਨੇ ਫ਼ੋਨ ਰਾਹੀ ਅਪਣੇ ਪਰਵਾਰ ਨਾਲ ਸਾਂਝਾ ਕੀਤਾ। ਸਸਕਾਰ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੀ ਤਿਆਰੀ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਇਕ ਥਾਂ ਤੋਂ ਦੂਜੀ ਥਾਂ 'ਤੇ ਰੁਲਦੀ ਰਹੀ। ਹਰਦਿੱਤ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਕਮੇਟੀ ਵਲੋਂ ਵੀ ਇਸ ਮਾਮਲੇ 'ਤੇ ਅਵੇਸਲਾਪਨ ਵਿਖਾਇਆ ਗਿਆ
ਜਦਕਿ ਭਾਈ ਸਾਹਿਬ ਸਿੱਖ ਪੰਥ ਦੇ ਇਕਲੌਤੇ ਕੀਰਤਨੀਏ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਵਲੋਂ ਪਦਮਸ੍ਰੀ ਸਨਮਾਨ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ (ਭਾਈ ਸਾਹਿਬ) ਨੇ ਲੰਮੇ ਸਮੇਂ ਤਕ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾਈ ਅਤੇ 1984 ਵਿਚ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਵਰਦੀਆਂ ਗੋਲੀਆਂ ਦੇ ਬਾਵਜੂਦ ਲਗਾਤਾਰ 9 ਘੰਟੇ ਕੀਰਤਨ ਦੀ ਸੇਵਾ ਨਿਭਾਈ। ਸ. ਗੋਬਿੰਦਪੁਰੀ ਨੇ ਲਿਖਿਆ ਕਿ ਸਰਕਾਰੀ ਨਿਯਮਾਂ ਮੁਤਾਬਕ ਤਾਂ ਉਨ੍ਹਾਂ ਦਾ ਅੰਤਮ ਸਸਕਾਰ ਸਰਕਾਰੀ ਸਨਮਾਨ ਨਾਲ ਹੋਣਾ ਚਾਹੀਦਾ ਸੀ ਪਰ ਸਰਕਾਰੀ ਸਨਮਾਨ ਤਾਂ ਇਕ ਪਾਸੇ ਸਿੱਖ ਰੀਤਾਂ ਨਾਲ ਵੀ ਪੂਰੀ ਤਰ੍ਹਾਂ ਨਹੀਂ ਹੋ ਸਕਿਆ।
ਹਰਦਿੱਤ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਕ ਕੇਂਦਰੀ ਮੰਤਰੀ ਨੇ ਬਿਨਾਂ ਕਿਸੇ ਜਾਂਚ ਕਰਵਾਏ ਹੀ ਡਾਕਟਰਾਂ ਦੀ ਟੀਮ ਨੂੰ ਕਲੀਨ ਚਿਟ ਦੇ ਦਿਤੀ। ਉਕਤ ਦਲ ਵਲੋਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਲਈ ਇਕ ਉੱਚ ਪਧਰੀ ਕਮੇਟੀ ਦਾ ਗਠਨ ਕਰਨ ਤਾਂ ਸੱਚਾਈ ਸਾਹਮਣੇ ਲਿਆਦੀ ਜਾ ਸਕੇ।