ਕੋਰੋਨਾ ਨੇ ਦਿੱਲੀ 'ਚ ਨਵੰਬਰ 2020 ਦਾ ਰਿਕਾਰਡ ਵੀ ਤੋੜਿਆ - ਅਰਵਿੰਦ ਕੇਜਰੀਵਾਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਪਿਛਲੇ 10-15 ਦਿਨਾਂ ਵਿਚ ਕੋਰੋਨਾ ਬਹੁਤ ਤੇਜ਼ੀ ਨਾਲ ਵਧਿਆ ਹੈ, ਦਿੱਲੀ ਵਿਚ ਕੋਰੋਨਾ ਦੀ ਚੌਥੀ ਲਹਿਰ ਹੈ

Arvind Kejriwal

ਨਵੀਂ ਦਿੱਲੀ - ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ 10 ਹਜ਼ਾਰ ਤੋਂ ਵੱਧ ਕੇਸ ਆਉਣ ਨਾਲ ਆਮ ਲੋਕਾਂ ਸਮੇਤ ਕੇਜਰੀਵਾਲ ਸਰਕਾਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਸਬੰਧੀ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹ ਲਾਕਡਾਊਨ ਦੇ ਪੱਖ ਵਿਚ ਨਹੀਂ ਹਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਨੂੰ ਕਈ ਵਾਰ ਕਿਹਾ ਹੈ ਕਿ ਜੋ ਵੀ ਵੈਕਸੀਨੇਸ਼ਨ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ, ਉਨ੍ਹਾਂ ਨੂੰ ਹਟਾ ਦਿੱਤਾ ਜਾਵੇ ਤੇ ਦੋ ਤਿੰਨ ਮਹੀਨੇ ਦੇ ਅੰਦਰ ਸਾਰੇ ਦਿੱਲੀ ਵਾਸੀਆਂ ਨੂੰ ਵੈਕਸੀਨ ਲਗਾ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਦਿੱਲੀ ਵਿਚ ਨਵੰਬਰ 2020 ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਉਹਨਾਂ ਕਿਹਾ ਦਿੱਲੀ ਵਿਚ ਪਿਛਲੇ 10-15 ਦਿਨਾਂ ਵਿਚ ਕੋਰੋਨਾ ਬਹੁਤ ਤੇਜ਼ੀ ਨਾਲ ਵਧਿਆ ਹੈ, ਦਿੱਲੀ ਵਿਚ ਕੋਰੋਨਾ ਦੀ ਚੌਥੀ ਲਹਿਰ ਹੈ। ਪਿਛਲੇ 24 ਘੰਟਿਆਂ ਵਿਚ ਦਿੱਲੀ ਵਿੱਚ ਕੋਵਿਡ-19 ਦੇ 10,732 ਮਾਮਲੇ ਸਾਹਮਣੇ ਆਏ ਹਨ। ਸਥਿਤੀ ਬਹੁਤ ਚਿੰਤਾਜਨਕ ਹੈ। ਮੈਂ ਸਥਿਤੀ 'ਤੇ ਨਜ਼ਰ ਰੱਖ ਰਿਹਾ ਹਾਂ ਅਤੇ ਅਸੀਂ ਉਹ ਕਰ ਰਹੇ ਹਾਂ ਜੋ ਕਰਨ ਦੀ ਜ਼ਰੂਰਤ ਹੈ। 

ਉਹਨਾਂ ਕਿਹਾ ਦਿੱਲੀ ਵਿਚ ਕੋਰੋਨਾ ਦੇ 65% ਮਰੀਜ਼ 35 ਸਾਲ ਤੋਂ ਘੱਟ ਉਮਰ ਦੇ ਹਨ, ਫਿਰ ਕੋਰੋਨਾ ਕਿਵੇਂ ਰੁਕੇਗਾ ? ਕੋਰੋਨਾ ਦਾ ਚੱਕਰ ਸਿਰਫ ਉਦੋਂ ਟੁੱਟੇਗਾ ਜਦੋਂ ਵੈਕਸੀਨੇਸ਼ਨ ਹੋਵੇਗਾ। ਕੇਂਦਰ ਸਰਕਾਰ ਨੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹਨ ਮੈਂ ਕੇਂਦਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਾਬੰਦੀਆਂ ਹਟਾਉਣ। ਸੀਐਮ ਕੇਜਰੀਵਾਲ ਨੇ ਕਿਹਾ, "ਸਾਨੂੰ ਸਾਰਿਆਂ ਨੂੰ ਕੋਰੋਨਾ ਪ੍ਰੋਟੋਕੋਲ ਦਾ ਵੱਡੇ ਪੱਧਰ 'ਤੇ ਪਾਲਣ ਕਰਨਾ ਪਵੇਗਾ। ਸਾਡੀ ਸੁਰੱਖਿਆ ਸਾਡੇ ਹੱਥ ਵਿਚ ਹੈ।

ਮਾਸਕ ਜਰੂਰ ਪਾ ਕੇ ਰੱਖੋ ਅਤੇ ਹੱਥ ਵਾਰ-ਵਾਰ ਧੋਵੋ। ਸਮਾਜਕ ਦੂਰੀਆਂ ਦਾ ਪਾਲਣ ਕਰੋ। ਨਾਲ ਹੀ, ਉਦੋਂ ਹੀ ਘਰੋਂ ਬਾਹਰ ਆ ਜਾਓ ਜਦੋਂ ਕੁਝ ਜ਼ਰੂਰੀ ਹੋਵੇ। ਇਹ ਸਿਰਫ ਕੁਝ ਦਿਨਾਂ ਦੀ ਗੱਲ ਹੈ. ਜਿਵੇਂ ਕੋਰੋਨਾ ਦੀਆਂ ਤਿੰਨ ਲਹਿਰਾਂ ਚਲੀਆਂ ਗਈਆ ਉਵੇ ਚੌਥੀ ਲਹਿਰ ਵੀ ਚਲੀ ਜਾਵੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ, "ਅਸੀਂ ਤਾਲਾਬੰਦੀ ਨਹੀਂ ਲਗਾਉਣਾ ਚਾਹੁੰਦੇ ਪਰ ਕੱਲ ਸਰਕਾਰ ਨੇ ਮਜ਼ਬੂਰੀ ਵਿਚ ਕੁਝ ਪਾਬੰਦੀਆਂ ਲਗਾਉਣ ਦੇ ਆਦੇਸ਼ ਦਿੱਤੇ ਹਨ।

 

 

ਜਿਵੇਂ ਕਿ ਸਿਰਫ਼ 50 ਫੀਸਦ ਯਾਤਰੀ ਬੱਸਾਂ ਵਿਚ ਬੈਠ ਸਕਦੇ ਹਨ, ਮੈਟਰੋ ਵਿਚ ਸਿਰਫ 50 ਪ੍ਰਤੀਸ਼ਤ ਲੋਕ ਹੀ ਯਾਤਰਾ ਕਰ ਸਕਣਗੇ। ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਕੋਰੋਨਾ ਵਾਇਰਸ ਟੈਸਟ ਸਕਾਰਾਤਮਕ ਆਉਂਦਾ ਵੀ ਹੈ ਤਾਂ ਸਾਰੇ ਲੋਕ ਹਸਪਤਾਲ ਨਾ ਜਾਣ ਜੇਕਰ ਜ਼ਿਆਦਾ ਤਬੀਅਤ ਵਿਗੜਦੀ ਹੈ ਤਾਂ ਹੀ ਹਸਪਤਾਲ ਵਿਚ ਦਾਖਲ ਹੋਵੋ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ, "ਹੁਣ ਸਰਕਾਰੀ ਹਸਪਤਾਲ ਵੀ ਬਹੁਤ ਚੰਗਾ ਇਲਾਜ ਕਰ ਰਹੇ ਹਨ। ਮੇਰੀ ਬੇਨਤੀ ਹੈ ਕਿ ਸਾਰੇ ਲੋਕ ਪ੍ਰਾਈਵੇਟ ਹਸਪਤਾਲਾਂ ਵਿਚ ਨਾ ਜਾਣ, ਜੇ ਸਰਕਾਰੀ ਹਸਪਤਾਲ ਵਿਚ ਬੈੱਡ ਖਾਲੀ ਹੈ, ਤਾਂ ਉਥੇ ਹੀ ਜਾਓ, ਪਰ ਲੋੜ ਪੈਣ 'ਤੇ ਹੀ ਜਾਓ।"