ਉਤਰ ਪ੍ਰਦੇਸ਼ : ਟਰੱਕ ਪਲਟਣ ਕਾਰਨ 11 ਸ਼ਰਧਾਲੂਆਂ ਦੀ ਮੌਤ, 43 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਔਰਤਾਂ ਅਤੇ ਬੱਚਿਆਂ ਸਮੇਤ ਟਰੱਕ 'ਚ ਸਵਾਰ ਸਨ ਤਕਰੀਬਨ 60 ਲੋਕ

Truck overturn

ਇਟਾਵਾ : ਉਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ’ਚ ਸਨਿਚਰਵਾਰ ਨੂੰ ਕਾਲਿਕਾ ਦੇਵੀ ਮੰਦਿਰ ’ਤੇ ਝੰਡਾ ਚੜ੍ਹਾਉਣ ਜਾ ਰਹੇ ਸ਼ਰਧਾਲੂਆਂ ਨਾਲ ਭਰੇ ਟਰੱਕ ਦੇ ਪਲਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਦਕਿ 43 ਲੋਕ ਜ਼ਖ਼ਮੀ ਹੋ ਗਏ। ਇਟਾਵਾ ਦੇ ਸੀਨੀਅਰ ਪੁਲਿਸ ਮੁਖੀ ਬ੍ਰਿਜੇਸ਼ ਕੁਮਾਰ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਜ਼ਿਲ੍ਹੇ ਦੇ ਬੜਪੁਰਾ ਥਾਣਾ ਖੇਤਰ ਦੇ ਉਦੀ ਚਕਰਨਗਰ ਮਾਰਗ ’ਤੇ ਸ਼ਾਮ 4 ਵਜੇ ਕਸਉਵਾ ਮੋੜ ਦੇ ਨੇੜੇ ਇਕ ਟਰੱਕ ਪਲਟ ਗਿਆ।

ਐਸ. ਐਸ.ਪੀ. ਮੁਤਾਬਕ ਪਿਨਾਹਟ ਵਾਹ ਆਗਰਾ ਤੋਂ ਔਰਤਾਂ ਅਤੇ ਬੱਚਿਆਂ ਸਮੇਤ ਇਕ ਟਰੱਕ ’ਤੇ ਸਵਾਰ ਹੋ ਕੇ ਤਕਰੀਬਨ 60 ਲੋਕ ਇਟਾਵਾ ਜ਼ਿਲ੍ਹੇ ਦੇ ਕਸਬਾ ਲਖਨਾ ਸਥਿਤ ਕਾਲਿਕਾ ਦੇਵੀ ਮੰਦਿਰ ’ਤੇ ਝੰਡਾ ਚੜ੍ਹਾਉਣ ਜਾ ਰਹੇ ਸਨ, ਤਾਂ ਕਸਉਵਾ ਮੋੜ ’ਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਤੇ ਸੜਕ ਕਿਨਾਰੇ 30 ਫੁੱਟ ਡੂੰਘੇ ਖੱਡੇ ’ਚ ਡਿੱਗ ਗਿਆ। 

ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਅਧਿਕਾਰੀਆਂ ਨੂੰ ਤੁਰਤ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਪੂਰੀ ਤੇਜ਼ੀ ਨਾਲ ਕਰਨ ਅਤੇ ਹਾਦਸੇ ’ਚ ਜ਼ਖ਼ਮੀ ਲੋਕਾਂ ਦੇ ਇਲਾਜ ਦੀ ਪੂਰੀ ਵਿਵਸਥਾ ਕਰਨ ਦੇ ਨਿਰਦੇਸ਼ ਦਿਤੇ। ਮੁੱਖ ਮੰਤਰੀ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਬਾਰੇ ਸੋਗ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਆਰਥਕ ਮਦਦ ਪ੍ਰਦਾਨ ਕਰਨ ਦੇ ਨਿਰਦੇਸ਼ ਦਿਤੇ ਹਨ।