ਲਖੀਮਪੁਰ ਖੇੜੀ ਹਿੰਸਾ ਮਾਮਲਾ : ਚਸ਼ਮਦੀਦ ਗਵਾਹ ਹਰਦੀਪ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਹੋਇਆ ਜਾਨਲੇਵਾ ਹਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜੇ ਮਿਸ਼ਰਾ ਖ਼ਿਲਾਫ਼ ਗਵਾਹੀ ਦੇਣ 'ਤੇ ਦਿਤੀ ਜਾਨੋਂ ਮਾਰਨ ਦੀ ਧਮਕੀ 

Lakhimpur Kheri Violence Case

ਹਰਦੀਪ ਸਿੰਘ ਨੇ ਬਿਲਾਸਪੁਰ ਥਾਣੇ 'ਚ  ਸ਼ਿਕਾਇਤ ਦਰਜ ਕਰਵਾ ਕੇ ਕੀਤੀ ਕਾਰਵਾਈ ਦੀ ਮੰਗ 

ਲਖੀਮਪੁਰ ਖੇੜੀ : ਪਿਛਲੇ ਸਾਲ ਲਖੀਮਪੁਰ ਖੇੜੀ ਹਿੰਸਾ ਦੇ ਇੱਕ ਮੌਕੇ ਦੇ ਗਵਾਹ ਹਰਦੀਪ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਜਾਨਲੇਵਾ ਹਮਲਾ ਹੋਇਆ ਹੈ। ਇਸ ਬਾਰੇ ਹਰਦੀਪ ਸਿੰਘ ਨੇ ਇੱਕ ਸ਼ਿਕਾਇਤ ਪੱਤਰ ਵੀ ਸਥਾਨਕ ਬਿਲਾਸਪੁਰ ਥਾਣੇ ਵਿਚ ਦਿਤਾ ਹੈ ਜਿਸ ਵਿਚ ਉਨ੍ਹਾਂ ਨੇ ਇਸ ਹਮਲੇ ਬਾਰੇ ਸਾਰੀ ਜਾਣਕਾਰੀ ਵੀ ਦਿਤੀ ਹੈ।

ਹਰਦੀਪ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਲਖੀਮਪੁਰ ਖੇੜੀ ਵਿਖੇ ਉਸ ਹਿੰਸਾ ਵਿਚ ਉਹ ਵੀ ਜ਼ਖਮੀ ਹੋ ਗਏ ਸਨ। ਜਿਸ ਕਾਰਨ ਉਹ ਵੀ ਮੌਕੇ ਦੇ ਗਵਾਹ ਹਨ ਅਤੇ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਕਈ ਧਮਕੀਆਂ ਮਿਲ ਚੁੱਕੀਆਂ ਹਨ।

ਹਰਦੀਪ ਨੇ ਦੱਸਿਆ ਕਿ ਇਸ ਹਮਲੇ ਬਾਰੇ ਉਨ੍ਹਾਂ ਨੇ SSP ਬਿਲਾਸਪੁਰ ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਦੇ ਦਿਤੀ ਹੈ। ਹਰਦੀਪ ਅਤੇ ਉਸ ਦੇ ਸਾਥੀਆਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਅਜੇ ਮਿਸ਼ਰਾ ਕੇਸ ਵਿਚ ਗਵਾਹੀ ਦਿਤੀ ਤਾਂ ਉਨ੍ਹਾਂ ਨੂੰ ਜਾਨ ਤੋਂ ਮਾਰ ਦਿਤਾ ਜਾਵੇਗਾ।

ਨੌਜਵਾਨ ਨੇ ਪੁਲਿਸ ਕੋਲ ਇਸ ਮਾਮਲੇ ਵਿਚ ਸ਼ਿਕਾਇਤ ਦਿਤੀ ਹੈ ਅਤੇ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਕਰਦਿਆਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।