ਦੇਖਣਾ ਚਾਹੁੰਦਾ ਹਾਂ ਕਿ ਭਾਜਪਾ ਨੇ 27 ਸਾਲਾਂ 'ਚ ਗੁਜਰਾਤ ਦੇ ਸਰਕਾਰੀ ਸਕੂਲਾਂ 'ਚ ਕੀ ਸੁਧਾਰ ਕੀਤਾ ਹੈ: ਸਿਸੋਦੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

AAP ਗੁਜਰਾਤ ਦੀਆਂ ਸਾਰੀਆਂ 182 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦੀ ਇੱਛੁਕ ਹੈ

Manish Sisodia

 

ਅਹਿਮਦਾਬਾਦ - ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਹ ਦੇਖਣਾ ਅਤੇ ਸਮਝਣਾ ਚਾਹੁੰਦੇ ਹਨ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਿਛਲੇ 27 ਸਾਲਾਂ ਦੇ ਸ਼ਾਸਨ ਦੌਰਾਨ ਗੁਜਰਾਤ ਦੇ ਸਰਕਾਰੀ ਸਕੂਲਾਂ ਵਿੱਚ ਕੀ ਬਦਲਾਅ ਅਤੇ ਸੁਧਾਰ ਲਿਆਂਦੇ ਹਨ। ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਨੇ ਇਸ ਸਾਲ ਦਸੰਬਰ ਵਿੱਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਇੱਕ ਸਕੂਲ ਵਿਚ ਜਾਂਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਸਰਕਾਰ ਦਿੱਲੀ 'ਚ ਸਿੱਖਿਆ ਖੇਤਰ 'ਚ ਬਦਲਾਅ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਗੁਜਰਾਤ 'ਚ ਵੀ ਅਜਿਹਾ ਬਦਲਾਅ ਲਿਆਉਣ ਦਾ ਵਾਅਦਾ ਕੀਤਾ ਹੈ।

ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਰਾਜ ਵਿਚ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਦੋਵਾਂ ਲਈ ਇੱਕ ਵਿਹਾਰਕ ਵਿਕਲਪ ਵਜੋਂ ਪੇਸ਼ ਕਰਕੇ ਗੁਜਰਾਤ ਦੀਆਂ ਸਾਰੀਆਂ 182 ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦੀ ਇੱਛੁਕ ਹੈ। ਸਿਸੋਦੀਆ ਸੋਮਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਗੁਜਰਾਤ ਦੇ ਸਿੱਖਿਆ ਮੰਤਰੀ ਜੀਤੂ ਵਾਘਾਨੀ ਦੇ ਗ੍ਰਹਿ ਜ਼ਿਲ੍ਹੇ ਭਾਵਨਗਰ ਗਏ। ਉਨ੍ਹਾਂ ਨੇ ਹਾਲ ਹੀ 'ਚ ਵਾਘਾਨੀ ਨੂੰ ਸਕੂਲੀ ਸਿੱਖਿਆ 'ਤੇ ਬਹਿਸ ਲਈ ਚੁਣੌਤੀ ਦਿੱਤੀ ਸੀ।

ਸਿਸੋਦੀਆ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 'ਆਪ' ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ। ਕੇਜਰੀਵਾਲ ਨੇ ਸੱਤਾ 'ਚ ਆਉਣ ਤੋਂ ਬਾਅਦ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਬਦਲ ਦਿੱਤੀ ਹੈ। ਗੁਜਰਾਤ ਵਿਚ ਭਾਜਪਾ 27 ਸਾਲਾਂ ਤੋਂ ਸੱਤਾ ਵਿਚ ਹੈ। ਮੈਂ ਇਹ ਦੇਖਣਾ ਅਤੇ ਸਮਝਣਾ ਚਾਹੁੰਦਾ ਹਾਂ ਕਿ ਭਾਜਪਾ ਨੇ ਆਪਣੇ ਇਨ੍ਹਾਂ 27 ਸਾਲਾਂ ਦੇ ਸ਼ਾਸਨ ਵਿਚ ਕੀ ਬਦਲਾਅ ਅਤੇ ਸੁਧਾਰ ਕੀਤੇ ਹਨ।
ਸਿਸੋਦੀਆ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਕੇਜਰੀਵਾਲ ਨੇ ਭਾਜਪਾ 'ਤੇ ਸੂਬੇ 'ਚ ਚੰਗੀ ਸਿੱਖਿਆ ਦੇਣ 'ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਸੀ। ਕੇਜਰੀਵਾਲ ਨੇ ਟਵੀਟ ਕੀਤਾ ਸੀ, ''ਭਾਜਪਾ ਦੇ ਲੋਕ ਗੁਜਰਾਤ ਦੀ ਡਿੱਗ ਰਹੀ ਸਿੱਖਿਆ 'ਤੇ ਵੀ ਸਵਾਲ ਉਠਾ ਰਹੇ ਹਨ।

ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਗੁਜਰਾਤ ਵਿਚ ਚੰਗੀ ਸਿੱਖਿਆ ਲਈ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਭਾਜਪਾ 27 ਸਾਲਾਂ ਵਿਚ ਚੰਗੀ ਸਿੱਖਿਆ ਨਹੀਂ ਦੇ ਸਕੀ। 'ਆਪ' ਸਰਕਾਰ ਗੁਜਰਾਤ ਦੇ ਲੋਕਾਂ ਅਤੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲੇਗੀ ਅਤੇ ਦਿੱਲੀ ਦੇ ਨਾਲ-ਨਾਲ ਗੁਜਰਾਤ ਵਿਚ ਵੀ ਚੰਗੀ ਸਿੱਖਿਆ ਦੇਵੇਗੀ।
ਜ਼ਿਕਰਯੋਗ ਹੈ ਕਿ ਵਾਘਾਨੀ ਹਾਲ ਹੀ ਵਿਚ ਇੱਕ ਜਨਤਕ ਸਮਾਗਮ ਵਿਚ ਇਹ ਕਹਿ ਕੇ ਵਿਵਾਦਾਂ ਵਿਚ ਘਿਰਿਆ ਸੀ ਕਿ ਜਿਨ੍ਹਾਂ ਲੋਕਾਂ ਨੂੰ ਗੁਜਰਾਤ ਦੀ ਸਿੱਖਿਆ ਪ੍ਰਣਾਲੀ ਵਿਚ ਸਮੱਸਿਆ ਹੈ, ਉਹ ਆਪਣੇ ਬੱਚਿਆਂ ਨੂੰ ਸਕੂਲੀ ਛੁੱਟੀ ਦੇ ਸਰਟੀਫਿਕੇਟ ਦੇ ਕੇ ਦੂਜੇ ਰਾਜਾਂ ਵਿੱਚ ਲੈ ਕੇ ਜਾ ਸਕਦੇ ਹਨ।