Allahabad High Court: ਹਾਈ ਕੋਰਟ 'ਚ ਕਮੀਜ਼ ਦੇ ਬਟਨ ਖੋਲ੍ਹ ਕੇ ਤੇ ਗਾਊਨ ਪਹਿਨੇ ਆਇਆ ਵਕੀਲ, ਅਦਾਲਤ ਨੇ ਸੁਣਾਈ ਸਜ਼ਾ
ਸਜ਼ਾ ਦੇ ਨਾਲ 2 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ
ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਵੀਰਵਾਰ ਨੂੰ ਸਥਾਨਕ ਵਕੀਲ ਅਸ਼ੋਕ ਪਾਂਡੇ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਬਿਨਾਂ ਗਾਊਨ ਅਤੇ ਕਮੀਜ਼ ਦੇ ਬਟਨ ਖੁੱਲ੍ਹੇ ਰੱਖ ਕੇ ਅਦਾਲਤ ਵਿੱਚ ਪੇਸ਼ ਹੋਣ ਲਈ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਉਹ ਵਕੀਲ ਗਾਊਨ ਪਹਿਨੇ ਬਿਨਾਂ ਅਤੇ ਆਪਣੀ ਕਮੀਜ਼ ਦੇ ਬਟਨ ਖੁੱਲ੍ਹੇ ਰੱਖ ਕੇ ਅਦਾਲਤ ਵਿੱਚ ਪੇਸ਼ ਹੋਇਆ।
ਬੈਂਚ ਨੇ ਪਾਂਡੇ ਨੂੰ 2,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਜੇਕਰ ਇੱਕ ਮਹੀਨੇ ਦੇ ਅੰਦਰ ਜੁਰਮਾਨਾ ਨਾ ਅਦਾ ਕੀਤਾ ਗਿਆ ਤਾਂ ਇੱਕ ਮਹੀਨੇ ਦੀ ਵਾਧੂ ਕੈਦ ਦੀ ਸਜ਼ਾ ਵੀ ਸੁਣਾਈ। ਪਾਂਡੇ ਨੂੰ ਲਖਨਊ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਆਤਮ ਸਮਰਪਣ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ।
ਇਹ ਫ਼ੈਸਲਾ ਜਸਟਿਸ ਵਿਵੇਕ ਚੌਧਰੀ ਅਤੇ ਜਸਟਿਸ ਬੀ.ਆਰ. ਸਿੰਘ ਦੇ ਡਿਵੀਜ਼ਨ ਬੈਂਚ ਨੇ 2021 ਵਿੱਚ ਪਾਂਡੇ ਦੇ ਅਦਾਲਤ ਵਿੱਚ ਵਿਘਨ ਪਾਉਣ ਵਾਲੇ ਵਿਵਹਾਰ ਤੋਂ ਬਾਅਦ ਦਾਇਰ ਇੱਕ ਅਪਰਾਧਿਕ ਮਾਣਹਾਨੀ ਪਟੀਸ਼ਨ 'ਤੇ ਸੁਣਾਇਆ।
ਜੇਲ ਦੀ ਸਜ਼ਾ ਤੋਂ ਇਲਾਵਾ, ਬੈਂਚ ਨੇ ਪਾਂਡੇ ਨੂੰ 'ਕਾਰਨ ਦੱਸੋ' ਨੋਟਿਸ ਵੀ ਜਾਰੀ ਕੀਤਾ, ਜਿਸ ਵਿੱਚ ਪੁੱਛਿਆ ਗਿਆ ਕਿ ਉਸ ਨੂੰ ਇਲਾਹਾਬਾਦ ਹਾਈ ਕੋਰਟ ਅਤੇ ਇਸ ਦੀ ਲਖਨਊ ਬੈਂਚ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰਨ ਤੋਂ ਕਿਉਂ ਨਾ ਰੋਕਿਆ ਜਾਵੇ। ਉਸ ਨੂੰ 1 ਮਈ ਤੱਕ ਜਵਾਬ ਦੇਣਾ ਪਵੇਗਾ।