ਉਨਾਵ ਬਲਾਤਕਾਰ ਕੇਸ ਦੇ ਮੁਲਜ਼ਮ ਵਿਧਾਇਕ ਦੀ ਪਤਨੀ ਤੋਂ ਇਕ ਕਰੋੜ ਰੁਪਏ ਮੰਗਣ ਦੇ ਦੋਸ਼ 'ਚ ਦੋ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ ਦਾ ਨੇਤਾ ਅਤੇ ਸੀਬੀਆਈ ਅਫ਼ਸਰ ਬਣ ਕੇ ਉਨਾਵ ਬਲਾਤਕਾਰ ਮਾਮਲੇ ਦੇ ਮੁਲਜ਼ਮ ਕੁਲਦੀਪ ਸਿੰਘ ਸੇਂਗਰ ਦੀ ਪਤਨੀ ਤੋਂ ਕੇਸ...

2 people arrested for allegedly demanding 1 crore rupees from unnao rape case accused

ਲਖਨਊ: ਭਾਰਤੀ ਜਨਤਾ ਪਾਰਟੀ ਦਾ ਨੇਤਾ ਅਤੇ ਸੀਬੀਆਈ ਅਫ਼ਸਰ ਬਣ ਕੇ ਉਨਾਵ ਬਲਾਤਕਾਰ ਮਾਮਲੇ ਦੇ ਮੁਲਜ਼ਮ ਕੁਲਦੀਪ ਸਿੰਘ ਸੇਂਗਰ ਦੀ ਪਤਨੀ ਤੋਂ ਕੇਸ ਹਟਵਾਉਣ ਲਈ ਇਕ ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਹਾਂ ਦੀ ਪਛਾਣ ਆਲੋਕ ਅਤੇ ਵਿਜੇ ਦੇ ਤੌਰ 'ਤੇ ਕੀਤੀ ਗਈ ਹੈ ਜੋ ਲਖਨਊ ਦੇ ਰਹਿਣ ਵਾਲੇ ਹਨ।

ਉਨਾਵ ਜ਼ਿਲ੍ਹੇ ਦੇ ਬਾਂਗਰਮਊ ਤੋਂ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਸੀਬੀਆਈ ਨੇ 13 ਅਪ੍ਰੈਲ ਨੂੰ ਗ੍ਰਿਫ਼ਤਾਰ ਕਲਤਾ ਹੈ। ਸੇਂਗਰ 'ਤੇ ਪੀੜਤਾ ਨੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਲਖਨਊ ਦੇ ਐਸਐਸਪੀ ਦੀਪਕ ਕੁਮਾਰ ਨੇ ਕਿਹਾ ਕਿ ਕੁਲਦੀਪ ਸਿੰਘ ਸੇਂਗਰ ਦੀ ਪਤਨੀ ਸੰਗੀਤ ਸਿੰਘ ਤੋਂ ਇਕ ਕਰੋੜ ਰੁਪਏ ਮੰਗਣ ਦੇ ਦੋਸ਼ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਵਿਧਾਇਕ 'ਤੇ ਲੱਗੇ ਕੇਸ ਨੂੰ ਹਟਾਉਣ ਦੀ ਗੱਲ ਆਖ ਰਹੇ ਸਨ। 

ਲਖਨਊ ਦੇ ਇੰਦਰਾ ਨਗਰ ਵਿਚ ਰਹਿਣ ਵਾਲੀ ਸੰਗੀਤਾ ਕੋਲ 5 ਮਈ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫ਼ੋਨ ਕੀਤਾ ਗਿਆ। ਕਾਲ ਕਰਨ ਵਾਲੇ ਨੇ ਅਪਣੇ ਆਪ ਨੂੰ ਭਾਜਪਾ ਦਾ ਨੇਤਾ ਦਸਿਆ ਅਤੇ ਕੁਲਦੀਪ ਸੇਂਦਰ ਦੀ ਸੁਰੱਖਿਅਤ ਰਿਹਾਈ ਦਾ ਪ੍ਰਸਤਾਵ ਦਿਤਾ। ਉਸ ਨੇ ਸੀਬੀਆਈ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਲਈ ਇਕ ਕਰੋੜ ਰੁਪਏ ਦੀ ਰਕਮ ਦੀ ਮੰਗ ਕੀਤੀ। 

 

ਪੁਲਿਸ ਨੇ ਦਸਿਆ ਕਿ ਜਦੋਂ ਸੰਗੀਤਾ ਨੇ ਇਹ ਦਸਿਆ ਕਿ ਇਕ ਕਰੋੜ ਰੁਪਏ ਸੰਭਵ ਨਹੀਂ ਹੋ ਸਕਣਗੇ ਤਾਂ ਉਸ ਤੋਂ ਬਾਅਦ ਕਾਲ ਕਰਨ ਵਾਲੇ ਨੇ 50 ਲੱਖ ਰੁਪਏ ਦੇਣ ਦੀ ਗੱਲ ਆਖੀ। ਅਗਲੇ ਦਿਨ ਇਕ ਹੋਰ ਨੰਬਰ ਤੋਂ ਫ਼ੋਨ ਕੀਤਾ ਗਿਆ ਅਤੇ ਕਾਲ ਕਰਨ ਵਾਲੇ ਨੇ ਖ਼ੁਦ ਨੂੰ ਸੀਬੀਆਈ ਅਫ਼ਸਰ ਰਾਜੀਵ ਮਿਸ਼ਰਾ ਦਸਿਆ। ਉਸ ਨੇ ਸੈਂਗਰ ਦੀ ਸੁਰੱਖਿਅਤ ਰਿਹਾਈ ਦਾ ਵੀ ਭਰੋਸਾ ਦਿਤਾ। 

ਫ਼ੋਨ ਕਰਨ ਵਾਲੇ ਨੇ ਸੰਗੀਤਾ ਨੂੰ ਦਸਿਆ ਕਿ ਉਹ 7 ਮਈ ਨੂੰ ਲਖਨਊ ਦੇ ਸੀਬੀਆਈ ਦਫ਼ਤਰ ਵਿਚ ਆਉਣ ਅਤੇ ਪੈਸੇ ਦੇ ਦੇਣ। ਉਸ ਤੋਂ ਬਾਅਦ ਸੰਗੀਤਾ ਨੇ ਅਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਕਾਲ ਦੀ ਜਾਣਕਾਰੀ ਦਿਤੀ।

ਜਿਵੇਂ ਹੀ ਉਨ੍ਹਾਂ ਸਾਰਿਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਲਖਨਊ ਵਿਚ ਗਾਜ਼ੀਪੁਰ ਪੁਲਿਸ ਸਟੇਸ਼ਨ ਵਿਚ ਇਸ ਫ਼ੋਨ ਕਾਲ ਦੀ ਜਾਣਕਾਰੀ ਦਿਤੀ। ਇਸ ਤੋਂ ਬਾਅਦ ਵੀਰਵਾਰ ਨੂੰ ਪੁਲਿਸ ਨੇ ਆਲੋਕ ਅਤੇ ਵਿਜੇ ਨੂੰ ਫ਼ੋਨ ਕਾਲ ਟ੍ਰੈਕ ਕਰ ਕੇ ਗ੍ਰਿਫ਼ਤਾਰ ਕਰ ਲਿਆ।