ਆਜ਼ਾਦੀ ਦੀ ਲੜਾਈ 'ਚ ਜਿਨਾਹ ਦਾ ਅਹਿਮ ਯੋਗਦਾਨ : ਭਾਜਪਾ ਸਾਂਸਦ
ਮੁਹੰਮਦ ਅਲੀ ਜਿਨਾਹ 'ਤੇ ਜਾਰੀ ਵਿਵਾਦ ਦੇ ਚਲਦਿਆਂ ਉੱਤਰ ਪ੍ਰਦੇਸ਼ ਦੇ ਬਹਿਰਾਈਚ ਤੋਂ ਭਾਜਪਾ ਸਾਂਸਦ ਸਾਵਿਤਰੀ ਬਾਈ ਫੂਲੇ ਨੇ ਜਿਨਾਹ ਦੀ...
ਨਵੀਂ ਦਿੱਲੀ : ਮੁਹੰਮਦ ਅਲੀ ਜਿਨਾਹ 'ਤੇ ਜਾਰੀ ਵਿਵਾਦ ਦੇ ਚਲਦਿਆਂ ਉੱਤਰ ਪ੍ਰਦੇਸ਼ ਦੇ ਬਹਿਰਾਈਚ ਤੋਂ ਭਾਜਪਾ ਸਾਂਸਦ ਸਾਵਿਤਰੀ ਬਾਈ ਫੂਲੇ ਨੇ ਜਿਨਾਹ ਦੀ ਤਾਰੀਫ਼ ਕੀਤੀ ਹੈ। ਭਾਜਪਾ ਸਾਂਸਦ ਨੇ ਕਿਹਾ ਹੈ ਕਿ ਮੁਹੰਮਦ ਅਲੀ ਜਿਨਾਹ ਮਹਾਂਪੁਰਸ਼ ਸਨ ਅਤੇ ਹਮੇਸ਼ਾ ਰਹਿਣਗੇ। ਆਜ਼ਾਦੀ ਦੀ ਲੜਾਈ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਅਜਿਹੇ ਮਹਾਂਪੁਰਸ਼ ਦੀ ਤਸਵੀਰ ਜਿੱਥੇ ਲੋੜ ਹੋਵੇ,ਉਸ ਜਗ੍ਹਾ 'ਤੇ ਲਗਾਈ ਜਾਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਭਾਜਪਾ ਸਾਂਸਦ ਸ਼ਤਰੂਘਨ ਸਿਨ੍ਹਾਂ ਨੇ ਏਐਮਯੂ ਦਾ ਨਾਮ ਲਏ ਬਿਨਾਂ ਕਿਹਾ ਸੀ ਕਿ ਅਚਾਨਕ ਯੂਨੀਵਰਸਿਟੀਆਂ ਦਾ ਨਾਮ ਬਦਲਣ ਅਤੇ ਕੁੱਝ ਲੋਕਾਂ ਦੀਆਂ ਤਸਵੀਰਾਂ ਨੂੰ ਹਟਾਉਣ ਦੀ ਮੰਗ ਹੋਣ ਲੱਗੀ। ਉਨ੍ਹਾਂ ਨੂੰ ਕਿਉਂ ਹਟਾਇਆ ਜਾਵੇ? ਇੰਨੇ ਸਾਲਾਂ ਵਿਚ ਉਹ ਉਥੇ ਹੀ ਸਨ ਅਤੇ ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ।
ਉਥੇ ਹੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਵਿਚ ਮੁਹਿੰਮ ਅਲੀ ਜਿਨਾਹ ਦੀ ਤਸਵੀਰ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦੇ ਵਿਚਕਾਰ ਦੇਸ਼ ਦੇ ਕੁੱਝ ਘੱਟ ਗਿਣਤੀ ਸਿੱਖਿਆ ਸੰਸਥਾਨਾਂ ਦੇ ਵਿਦਿਆਰਥੀ ਸੰਗਠਨਾਂ ਦੇ ਸਾਬਕਾ ਪ੍ਰਧਾਨਾਂ, ਅਧਿਆਪਕਾਂ ਅਤੇ ਇਸਲਾਮੀ ਜਾਣਕਾਰਾਂ ਦੇ ਇਕ ਸੰਗਠਨ ਨੇ ਦੋਸ਼ ਲਗਾਇਆ ਕਿ ਇਹ ਸਭ ਯੂਨੀਵਰਸਿਟੀ ਦਾ ਅਕਸ ਖ਼ਰਾਬ ਕਰਨ, ਇਸ ਦੇ ਘੱਟ ਗਿਣਤੀ ਸੰਸਥਾਨ ਹੋਣ 'ਤੇ ਸਵਾਲ ਖੜ੍ਹਾ ਕਰਨ ਅਤੇ ਚੋਣਾਂ ਤੋਂ ਪਹਿਲਾਂ ਧਰੁਵੀਕਰਨ ਦਾ ਯਤਨ ਹੈ।
ਮਾਈਨਾਰਿਟੀ ਯੂਨੀਵਰਸਿਟੀਜ਼ ਐਲਯੂਮਿਨਾਈ ਫਰੰਟ ਦੇ ਕਨਵੀਨਰ ਪ੍ਰੋਫੈਸਰ ਬਸ਼ੀਰ ਅਹਿਮ ਖ਼ਾਨ ਨੇ ਕਿਹਾ ਕਿ ਏਐਮਯੂ ਵਿਚ ਪਿਛਲੇ ਦਿਨੀਂ ਜੋ ਕੁੱਝ ਹੋਇਆ ਉਸ ਦਾ ਮਕਸਦ ਇਸ ਸੰਸਥਾ ਦੇ ਘੱਟ ਗਿਣਤੀ ਕਿਰਦਾਰ 'ਤੇ ਸਵਾਲ ਖੜ੍ਹੇ ਕਰਨਾ ਹੈ। ਇਹ ਇਕ ਸਾਜਿਸ਼ ਹੈ। ਏਐਮਯੂ ਵਿਦਿਆਰਥੀ ਸੰਗਠਨ ਦੇ ਸਾਬਕਾ ਪ੍ਰਧਾਨ ਇਰਫ਼ਾਨੁੱਲ੍ਹਾ ਖ਼ਾਨ ਨੇ ਕਿਹਾ ਕਿ ਇਹ ਸਭ ਇਕ ਸੋਚੀ ਸਮਝੀ ਸਾਜਿਸ਼ ਤਹਿਤ ਹੋ ਰਿਹਾ ਹੈ। ਪਹਿਲਾਂ ਜੇਐਨਯੂ, ਫਿਰ ਏਐਮਯੂ ਅਤੇ ਫਿਰ ਜਾਮੀਆ ਮਿਲੀਆ ਇਸਲਾਮੀਆ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਦਸ ਦਈਏ ਕਿ ਏਐਮਯੂ ਦੇ ਯੂਨੀਅਨ ਹਾਲ ਵਿਚ ਲੱਗੀ ਜਿਨਾਹ ਦੀ ਤਸਵੀਰ ਨੂੰ ਲੈ ਕੇ ਪਿਛਲੇ ਦਿਨੀਂ ਅਲੀਗੜ੍ਹ ਦੇ ਭਾਜਪਾ ਸਾਂਸਦ ਸਤੀਸ਼ ਗੌਤਮ ਨੇ ਕੁਲਪਤੀ ਤਾਰਿਕ ਮਨਸੂਰ ਨੂੰ ਪੱਤਰ ਲਿਖਿਆ ਸੀ। ਇਸ ਤੋਂ ਬਾਅਦ ਹੀ ਇਸ ਵਿਵਾਦ ਦੀ ਸ਼ੁਰੂਆਤ ਹੋਈ। ਇਸੇ ਮਾਮਲੇ ਨੂੰ ਲੈ ਕੇ ਹਿੰਦੂ ਯੂਥ ਵਾਹਿਨੀ ਦੇ ਕੁੱਝ ਵਰਕਰਾਂ ਨੇ ਏਐਮਯੂ ਕੰਪਲੈਕਸ ਵਿਚ ਦਾਖ਼ਲ ਹੋ ਕੇ ਹੰਗਾਮਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਸੀ।