ਜੱਜ ਚੇਲਮੇਸ਼ਵਰ ਨੇ ਜੱਜ ਜੋਸੇਫ਼ ਦੀ ਤਰੱਕੀ ਲਈ ਮੁੱਖ ਜੱਜ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਲੇਜੀਅਮ ਦੀ ਬੈਠਕ ਅੱਜ

justice chelameswar

ਨਵੀਂ ਦਿੱਲੀ,  ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜੇ ਚੇਲਮੇਸ਼ਵਰ ਨੇ ਅੱਜ ਮੁੱਖ ਜੱਜ ਨੂੰ ਖ਼ਤ ਲਿਖ ਕੋਲੇਜੀਅਮ ਦੀ ਬੈਠਕ ਬੁਲਾਉਣ ਦੀ ਬੇਨਤੀ ਕੀਤੀ ਹੈ। ਉਤਰਾਖੰਡ ਦੇ ਮੌਜੂਦਾ ਮੁੱਖ ਜੱਜ ਕੇ ਐਮ ਜੋਸੇਫ਼ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦੇਣ ਲਈ ਉਨ੍ਹਾਂ ਦਾ ਨਾਮ ਕੇਂਦਰ ਨੂੰ ਫ਼ੌਰੀ ਤੌਰ 'ਤੇ ਭੇਜਣ ਵਾਸਤੇ ਉਨ੍ਹਾਂ ਬੈਠਕ ਬੁਲਾਉਣ ਲਈ ਕਿਹਾ। ਸਰਕਾਰ ਨੇ 26 ਅਪ੍ਰੈਲ ਨੂੰ ਜੱਜ ਕੇ ਐਮ ਜੋਸੇਫ਼ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦੇਣ ਦੀ ਕੋਲੇਜੀਅਮ ਦੀ ਸਿਫ਼ਾਰਸ਼ ਮੁੜ ਵਿਚਾਰ ਲਈ ਮੋੜ ਦਿਤੀ ਸੀ। ਸਰਕਾਰ ਨੇ ਤਦ ਕਿਹਾ ਸੀ ਕਿ ਪ੍ਰਸਤਾਵ ਸੁਪਰੀਮ ਕੋਰਟ ਦੇ ਮਾਪਦੰਡਾਂ ਮੁਤਾਬਕ ਨਹੀਂ ਹੈ ਅਤੇ ਸੁਪਰੀਮ ਕੋਰਟ ਵਿਚ ਕੇਰਲਾ ਦੀ ਢੁਕਵੀਂ ਪ੍ਰਤੀਨਿਧਤਾ ਹੈ। ਜੋਸੇਫ਼ ਕੇਰਲਾ ਦੇ ਹਨ।

ਇਸੇ ਦੌਰਾਨ ਭਲਕੇ ਕੋਲੇਜੀਅਮ ਦੀ ਬੈਠਕ ਹੋਵੇਗੀ। ਸਰਕਾਰ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਲਈ ਉਨ੍ਹਾਂ ਦੀ ਸੀਨੀਆਰਤਾ 'ਤੇ ਵੀ ਸਵਾਲ ਚੁਕੇ ਸਨ। ਸੁਪਰੀਮ ਕੋਰਟ ਦੇ ਅਧਿਕਾਰੀ ਨੇ ਕਿਹਾ ਕਿ ਕਲ ਦੇਰ ਸ਼ਾਮ ਮੁੱਖ ਜੱਜ ਨੂੰ ਭੇਜੀ ਚਿੱਠੀ ਵਿਚ ਚੇਲਮੇਸ਼ਵਰ ਨੇ ਕਿਹਾ ਕਿ ਉਹ ਇਕ ਵਾਰ ਫਿਰ ਜੱਜ ਜੋਸੇਫ਼ ਨੂੰ ਸੁਪਰੀਮ ਕੋਰਟ ਵਿਚ ਤਰੱਕੀ ਦੇਣ ਲਈ ਅਪਣੇ ਫ਼ੈਸਲੇ 'ਤੇ ਜ਼ੋਰ ਦੇ ਰਹੇ ਹਨ ਕਿਉਂਕਿ ਉਨ੍ਹਾਂ ਹਾਲਤਾਂ ਵਿਚ ਕੋਈ ਬਦਲਾਅ ਨਹੀਂ ਆਇਆ ਜਦ 10 ਜਨਵਰੀ ਨੂੰ ਕੋਲੇਜੀਅਮ ਨੇ ਸਰਕਾਰ ਕੋਲ ਉਨ੍ਹਾਂ ਦੇ ਨਾਮ ਦੀ ਸਿਫ਼ਾਰਸ਼ ਕੀਤੀ ਸੀ।ਕੋਲੇਜੀਅਮ ਦੀ ਬੈਠਕ ਬਾਰੇ ਹਾਲੇ ਕੋਈ ਬਿਆਨ ਨਹੀਂ ਆਇਆ। ਇਹ ਵੀ ਪਤਾ ਲੱਗਾ ਹੈ ਕਿ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਦੁਆਰਾ ਮੁੱਖ ਜੱਜ ਨੂੰ ਲਿਖੇ ਖ਼ਤ ਵਿਚ ਜੱਜ ਜੋਸੇਫ਼ ਦੀ ਤਰੱਕੀ ਸਬੰਧੀ ਚੁੱਕੇ ਗਏ ਇਤਰਾਜ਼ਾਂ ਦਾ ਕ੍ਰਮਵਾਰ ਜਵਾਬ ਜੱਜ ਚੇਲਮੇਸ਼ਵਰ ਨੇ ਅਪਣੇ ਪੱਤਰ ਵਿਚ ਦਿਤਾ ਹੈ। ਜੱਜ ਚੇਲਮੇਸ਼ਵਰ 22 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ।      (ਏਜੰਸੀ)