ਮੋਦੀ ਨੂੰ ਮੇਰੇ ਅੰਦਰ 'ਖ਼ਤਰਾ' ਦਿਸਦਾ ਹੈ: ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ-ਮੇਰੀ ਮਾਂ ਕਈ ਭਾਰਤੀਆਂ ਨਾਲੋਂ ਜ਼ਿਆਦਾ ਭਾਰਤੀ ਜਿਸ ਨੇ ਦੇਸ਼ ਲਈ ਕਈ ਤਿਆਗ ਕੀਤੇ

Rahul Gandhi

ਬੰਗਲੌਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸ ਵਿਚ ਖ਼ਤਰਾ ਵਿਖਾਈ ਦਿੰਦਾ ਹੈ ਅਤੇ ਪ੍ਰਧਾਨ ਮੰਤਰੀ ਬਣਨ ਦੀ ਖ਼ਾਹਸ਼ ਪ੍ਰਗਟ ਕਰਨ ਮਗਰੋਂ ਮੋਦੀ ਦਾ ਉਸ 'ਤੇ ਹਮਲਾ ਸਿਰਫ਼ ਲੋਕਾਂ ਦਾ ਧਿਆਨ ਲਾਂਭੇ ਕਰਨ ਦਾ ਤਰੀਕਾ ਹੈ। ਰਾਹੁਲ ਨੇ ਅਪਣੀ ਮਾਂ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦਾ ਮੁੱਦਾ ਚੁੱਕਣ ਲਈ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਉਸ ਦੀ ਮਾਂ ਇਤਾਲਵੀ ਹੈ ਪਰ ਉਹ ਕਈ ਭਾਰਤੀਆਂ ਨਾਲੋਂ ਜ਼ਿਆਦਾ ਭਾਰਤੀ ਹੈ। ਰਾਹੁਲ ਨੇ ਕਿਹਾ, 'ਇਹ ਚੋਣ ਰਾਹੁਲ ਸਬੰਧੀ ਨਹੀਂ ਹੈ। ਮੈਂ ਹੁਣ ਪ੍ਰਧਾਨ ਮੰਤਰੀ ਨਾਲ ਸਿੱਝਣਾ ਸਿੱਖ ਲਿਆ ਹੈ। ਜਦ ਉਹ ਜਵਾਬ ਨਹੀਂ ਦੇ ਸਕਦੇ ਤਾਂ ਉਹ ਧਿਆਨ ਲਾਂਭੇ ਕਰਦੇ ਹਨ।' ਉਨ੍ਹਾਂ ਕਿਹਾ ਕਿ ਉਸ ਦੀ ਮਾਂ ਨੇ ਅਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਭਾਰਤ ਵਿਚ ਬਿਤਾਇਆ ਹੈ। ਉਨ੍ਹਾਂ ਕਿਹਾ, 'ਉਨ੍ਹਾਂ ਨੇ ਦੇਸ਼ ਲਈ ਅਪਣਾ ਜੀਵਨ ਕੁਰਬਾਨ ਕਰ ਦਿਤਾ। ਦੇਸ਼ ਲਈ ਮੁਸ਼ਕਲਾਂ ਝੱਲੀਆਂ। 

ਕਿਸ ਤਰ੍ਹਾਂ ਇਟਲੀ ਵਿਚ ਜਨਮ ਲੈਣੇ ਦੇ ਬਾਵਜੂਦ ਮੇਰੀ ਮਾਂ ਨੇ ਇਸ ਦੇਸ਼ ਲਈ ਤਿਆਗ ਕੀਤੇ।' ਇਹ ਪਹਿਲੀ ਵਾਰ ਹੈ ਜਦ ਮੋਦੀ ਨੇ ਸੋਨੀਆ ਦੇ ਵਿਦੇਸ਼ੀ ਮੂਲ ਦਾ ਮੁੱਦਾ ਚੁਕਿਆ ਹੈ। ਕਰਨਾਟਕ ਵਿਚ ਅੱਜ ਚੋਣ ਪ੍ਰਚਾਰ ਖ਼ਤਮ ਹੋ ਗਿਆ ਅਤੇ ਵੋਟਾਂ ਸਨਿਚਰਵਾਰ ਨੂੰ ਪੈਣਗੀਆਂ। ਨਤੀਜੇ 15 ਮਈ ਨੂੰ ਆਉਣਗੇ। 
ਰਾਹੁਲ ਨੇ ਕਿਹਾ ਕਿ ਮੋਦੀ ਅੰਦਰ ਗੁੱਸਾ ਹੈ ਤੇ ਇਹੋ ਗੁੱਸਾ ਉਸ ਦੀ ਸਮੱਸਿਆ ਹੈ, ਮੇਰੀ ਸਮੱਸਿਆ ਨਹੀਂ। ਰਾਹੁਲ ਨੇ ਕਿਹਾ, 'ਮੈਨੂੰ ਨਹੀਂ ਲਗਦਾ ਕਿ ਭਾਜਪਾ ਨੂੰ ਹਿੰਦੂ ਸ਼ਬਦ ਦਾ ਅਰਥ ਪਤਾ ਹੈ ਅਤੇ ਉਨ੍ਹਾਂ ਨੂੰ ਚੋਣ ਹਿੰਦੂ ਕਹਿਣਾ ਉਨ੍ਹਾਂ ਦੀ ਮਾਨਸਿਕ ਹਾਲਤ ਨੂੰ ਵਿਖਾਉਂਦਾ ਹੈ।' ਰਾਫ਼ੇਲ ਸੌਦੇ ਬਾਰੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਨੇ ਹਰ ਜਹਾਜ਼ ਲਈ 1500 ਕਰੋੜ ਦਾ ਭੁਗਤਾਨ ਕੀਤਾ ਜਦਕਿ ਯੂਪੀਏ ਸਰਕਾਰ ਨੇ 700 ਕਰੋੜ ਰੁਪਏ 'ਤੇ ਕੰਮ ਕੀਤਾ ਸੀ। (ਏਜੰਸੀ)