ਮੁੰਬਈ, ਸ਼ਿਵ ਸੈਨਾ ਨੇ ਰਾਹੁਲ ਗਾਂਧੀ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਸਮੇਂ ਕਥਿਤ ਤੌਰ 'ਤੇ ਮਰਿਯਾਦਾ ਕਾਇਮ ਰੱਖਣ ਲਈ ਉਸ ਦੀ ਸ਼ਲਾਘਾ ਕੀਤੀ ਹੈ। ਪਾਰਟੀ ਨੇ ਕਿਹਾ ਕਿ ਉਹ 2019 ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇ ਸਕਣ ਦੀ ਸਮਰੱਥਾ ਰਖਦੇ ਹਨ। ਐਨਡੀਏ ਦੀ ਭਾਈਵਾਲ ਸ਼ਿਵ ਸੈਨਾ ਨੇ ਕਿਹਾ ਕਿ ਰਾਹੁਲ ਵਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਦੀ ਇੱਛਾ ਪ੍ਰਗਟ ਕਰਨ ਦਾ ਭਾਜਪਾ ਨੂੰ ਸਵਾਗਤ ਕਰਨਾ ਚਾਹੀਦਾ ਸੀ। ਨਾਲ ਹੀ ਪਾਰਟੀ ਨੇ ਕਿਹਾ ਕਿ ਰਾਹੁਲ ਦੀ ਟਿੱਪਣੀ ਸਬੰਧੀ ਉਨ੍ਹਾਂ ਦਾ ਮਜ਼ਾਕ ਬਣਾਉਣਾ ਲੋਕਤੰਤਰ ਵਿਰੁਧ ਹੈ। ਰਾਹੁਲ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਜੇ ਕਾਂਗਰਸ ਲੋਕ ਸਭਾ ਚੋਣਾਂ 'ਚ ਸੱਭ ਤੋਂ ਜ਼ਿਆਦਾ ਸੀਟਾਂ ਜਿੱਤਣ 'ਚ ਸਫ਼ਲ ਹੁੰਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ।
ਰਾਹੁਲ ਦੀ ਟਿੱਪਣੀ ਦੀ ਆਲੋਚਨਾ ਕਰਨ ਲਈ ਭਾਜਪਾ ਦੀ ਖਿਚਾਈ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਇਹ ਫ਼ੈਸਲਾ ਜਨਤਾ ਕਰੇਗੀ ਕਿ ਕਾਂਗਰਸ ਪ੍ਰਧਾਨ 2019 ਵਿਚ ਪ੍ਰਧਾਨ ਮੰਤਰੀ ਬਣਨਗੇ ਜਾਂ ਹਾਰ ਦਾ ਮੂੰਹ ਵੇਖਣਗੇ। ਪਾਰਟੀ ਮੁਤਾਬਕ ਭਾਜਪਾ ਨੇ ਰਾਹੁਲ ਵਿਰੁਧ 'ਅਪਮਾਨਜਨਕ' ਭਾਸ਼ਾ ਦੀ ਵਰਤੋਂ ਕੀਤੀ ਪਰ ਮੋਦੀ 'ਤੇ ਵਾਰ ਕਰਨ ਲਈ ਰਾਹੁਲ ਕਦੇ ਵੀ ਏਨਾ ਹੇਠਾਂ ਨਹੀਂ ਡਿੱਗੇ ਅਤੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ 'ਆਦਰ' ਕੀਤਾ। (ਏਜੰਸੀ)