ਡਾਕਟਰਾਂ ਨੂੰ ਫ਼ਾਈਵ ਸਟਾਰ ਹੋਟਲਾਂ 'ਚ ਠਹਿਰਾਉਣ ਦਾ ਵਿਰੋਧ ਨਾ ਕਰੋ : ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਪਾਸੇ ਜਿਥੇ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ

File Photo

ਨਵੀਂ ਦਿੱਲੀ, 10 ਮਈ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਪਾਸੇ ਜਿਥੇ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ ਉਥੇ ਕੁੱਝ ਮਾਮਲਿਆਂ ਨੂੰ ਲੈ ਕੇ ਰਾਜਨੀਤੀ ਹੋਣ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰ 'ਤੇ ਹਮਲਾ ਬੋਲਿਆ ਹੈ। ਤਾਜ਼ਾ ਬਿਆਨ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਰੋਧ ਧਿਰ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਦਿੱਲੀ ਸਰਕਾਰ ਉਨ੍ਹਾਂ ਡਾਕਟਰਾਂ ਆਦਿ ਨੂੰ ਫ਼ਾਈਵ ਸਟਾਰ ਹੋਟਲਾਂ 'ਚ ਕਿਉਂ ਠਹਿਰਾ ਰਹੀ ਹੈ ਜੋ ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਹਨ। ਇਸ 'ਤੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈੱਸ ਵਾਰਤਾ 'ਚ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ। ਸਾਨੂੰ ਸਾਰਿਆਂ ਨਾਲ ਮਿਲ ਕੇ ਕੋਰੋਨਾ ਨੂੰ ਹਰਾਉਣਾ ਹੈ, ਇਸ ਲਈ ਇਸ 'ਤੇ ਰਾਜਨੀਤੀ ਨਾ ਕਰੋ। ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਨਾ ਕਰੋ।

ਉਥੇ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਛੱਡ ਕੇ ਨਾ ਜਾਣ। ਤਾਲਾਬੰਦੀ ਜਲਦ ਹੀ ਖੁਲ੍ਹੇਗੀ। ਸਾਰਿਆਂ ਨੂੰ ਕੰਮ ਮਿਲੇਗਾ ਪਰ ਜੇ ਲੋਕ ਜਾਣਾ ਚਾਹੁੰਦੇ ਹਨ ਤਾਂ ਪ੍ਰੇਸ਼ਾਨ ਨਾ ਹੋਣ। ਉਨ੍ਹਾਂ ਕਿਹਾ ਕਿ ਉਹ ਅਪਣੇ ਘਰਾਂ ਲਈ ਪੈਦਲ ਨਾ ਜਾਣ, ਕੋਈ ਨਾ ਕੋਈ ਵਿਵਸਥਾ ਕਰਵਾਈ ਜਾਵੇਗੀ ਤੇ ਅਸੀਂ ਇਸ ਕੰਮ 'ਤੇ ਲੱਗੇ ਹੋਏ ਹਾਂ।

ਅਰਵਿੰਦ ਨੇ ਕਿਹਾ ਕਿ ਕੋਰੋਨਾ ਦੇ ਤਕਰੀਬਨ 7000 ਮਾਮਲਿਆਂ 'ਚ ਤਕਰੀਬਨ 1500 ਲੋਕ ਹਸਪਤਾਲ 'ਚ ਭਰਤੀ ਹਨ, ਇਨ੍ਹਾਂ 'ਚ 27 ਦੀ ਹਾਲਾਤ ਗੰਭੀਰ ਹੈ, ਜਿਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਹੈ। ਉਨ੍ਹਾਂ ਇਹ ਜਾਣਕਾਰੀ ਵੀ ਦਿਤੀ ਕਿ ਮੁਲਾਂਕਣ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਸੰਕ੍ਰਮਣ ਦੇ ਚੱਲਦਿਆਂ ਜਾਨ ਗੁਆਉਣ ਵਾਲੇ 82 ਫ਼ੀ ਸਦੀ ਲੋਕ 50 ਸਾਲ ਤੋਂ ਉਪਰ ਹਨ।  (ਏਜੰਸੀ)