Work From Home ਛੱਡ ਕੇ ਦਫ਼ਤਰ ਆਉਣ ਲਈ ਕਿਹਾ ਤਾਂ ਇਸ ਕੰਪਨੀ ਦੇ 800 ਕਰਮਚਾਰੀਆਂ ਨੇ ਦਿੱਤਾ ਅਸਤੀਫ਼ਾ, ਪੜ੍ਹੋ ਕਾਰਨ
ਮੁਲਾਜ਼ਮ ਦਫ਼ਤਰ ਆਉਣ ਲਈ ਦਬਾਅ ਪਾਉਣ 'ਤੇ ਵੀ ਨੌਕਰੀ ਛੱਡਣ ਲਈ ਤਿਆਰ ਹਨ
ਨਵੀਂ ਦਿੱਲੀ - ਜਦੋਂ ਮਹਾਂਮਾਰੀ ਦੇ ਕਾਰਨ ਕੰਪਨੀਆਂ ਨੇ ਘਰ ਤੋਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਕਰਮਚਾਰੀ ਸਨ ਜਿਨ੍ਹਾਂ ਨੂੰ ਘਰ ਤੋਂ ਕੰਮ ਕਰਨ ਵਿਚ ਮੁਸ਼ਕਲ ਆ ਰਹੀ ਸੀ ਪਰ ਹੁਣ ਜ਼ਿਆਦਾਤਰ ਕਰਮਚਾਰੀ ਘਰ ਤੋਂ ਕੰਮ ਕਰਨਾ ਪਸੰਦ ਕਰ ਰਹੇ ਹਨ। ਹੁਣ ਉਹ ਦਫ਼ਤਰ ਜਾਣ ਦੀ ਬਜਾਏ ਘਰੋਂ ਕੰਮ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਹੁਣ ਸਥਿਤੀ ਇਹ ਹੈ ਕਿ ਮੁਲਾਜ਼ਮ ਦਫ਼ਤਰ ਆਉਣ ਲਈ ਦਬਾਅ ਪਾਉਣ 'ਤੇ ਵੀ ਨੌਕਰੀ ਛੱਡਣ ਲਈ ਤਿਆਰ ਹਨ।
ਆਨਲਾਈਨ ਸਿੱਖਿਆ ਕੰਪਨੀ ਵ੍ਹਾਈਟਹੈਟ ਜੂਨੀਅਰ ਨਾਲ ਵੀ ਅਜਿਹਾ ਹੀ ਹੋਇਆ ਹੈ। ਪਿਛਲੇ ਦੋ ਮਹੀਨਿਆਂ ਵਿਚ ਇਸ ਐਡਟੈਕ ਕੰਪਨੀ ਦੇ 800 ਤੋਂ ਵੱਧ ਕਰਮਚਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਦਰਅਸਲ, ਕੰਪਨੀ ਨੇ ਇਨ੍ਹਾਂ ਕਰਮਚਾਰੀਆਂ ਨੂੰ 'ਵਰਕ ਫਰਾਮ ਹੋਮ' ਖ਼ਤਮ ਕਰਕੇ ਦਫ਼ਤਰ ਆ ਕੇ ਕੰਮ ਕਰਨ ਲਈ ਕਿਹਾ ਸੀ। ਉਦੋਂ ਤੋਂ ਹੀ ਮੁਲਾਜ਼ਮ ਅਸਤੀਫ਼ੇ ਦੇ ਰਹੇ ਹਨ।
ਮਨੀਕੰਟਰੋਲ ਨੇ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਵ੍ਹਾਈਟਹੈਟ ਜੂਨੀਅਰ ਨੇ 18 ਮਾਰਚ ਨੂੰ 'ਘਰ ਤੋਂ ਕੰਮ' ਨੀਤੀ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਸਾਰੇ ਕਰਮਚਾਰੀਆਂ ਨੂੰ ਇੱਕ ਮਹੀਨੇ ਦੇ ਅੰਦਰ ਭਾਵ 18 ਅਪ੍ਰੈਲ ਤੱਕ ਦਫ਼ਤਰ ਆ ਕੇ ਕੰਮ ਕਰਨ ਦੀ ਹਦਾਇਤ ਕੀਤੀ ਗਈ ਸੀ। ਇਸ ਕਾਰਨ ਕਰੀਬ 800 ਮੁਲਾਜ਼ਮਾਂ ਨੇ ਅਸਤੀਫ਼ਾ ਦੇ ਦਿੱਤਾ, ਕਿਉਂਕਿ ਉਹ ਦਫ਼ਤਰ ਆਉਣ ਲਈ ਤਿਆਰ ਨਹੀਂ ਸਨ। ਅਸਤੀਫ਼ਾ ਦੇਣ ਵਾਲੇ ਕਰਮਚਾਰੀਆਂ ਵਿਚ ਵਿਕਰੀ, ਕੋਡਿੰਗ ਅਤੇ ਗਣਿਤ ਟੀਮਾਂ ਦੇ ਕਰਮਚਾਰੀ ਸ਼ਾਮਲ ਹਨ। ਆਉਣ ਵਾਲੇ ਮਹੀਨਿਆਂ ਵਿੱਚ ਹੋਰ ਕਰਮਚਾਰੀ ਅਸਤੀਫਾ ਦੇ ਸਕਦੇ ਹਨ।
ਅਸਤੀਫ਼ਾ ਦੇਣ ਵਾਲੇ ਇੱਕ ਕਰਮਚਾਰੀ ਨੇ Inc42 ਨੂੰ ਦੱਸਿਆ ਕਿ ਇੱਕ ਮਹੀਨੇ ਦਾ ਸਮਾਂ ਕਾਫ਼ੀ ਨਹੀਂ ਸੀ। ਕਰਮਚਾਰੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪਰਿਵਾਰਕ ਸਮੱਸਿਆਵਾਂ ਹੁੰਦੀਆਂ ਹਨ। ਕੁਝ ਨੂੰ ਬੱਚਿਆਂ ਅਤੇ ਉਨ੍ਹਾਂ ਦੇ ਸਕੂਲ ਨਾਲ ਸਮੱਸਿਆਵਾਂ ਹਨ, ਜਦੋਂ ਕਿ ਦੂਜਿਆਂ ਦੇ ਮਾਪੇ ਬਿਮਾਰ ਹਨ। ਇਸ ਤੋਂ ਇਲਾਵਾ ਹੋਰ ਪਰਿਵਾਰਕ ਜ਼ਿੰਮੇਵਾਰੀਆਂ ਵੀ ਹਨ।
ਇੰਨੇ ਘੱਟ ਨੋਟਿਸ ਪੀਰੀਅਡ 'ਤੇ ਦਫ਼ਤਰ ਬੁਲਾਉਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਇੱਕ ਕਰਮਚਾਰੀ ਨੇ ਕਿਹਾ ਕਿ ਲਾਗਤਾਂ ਵਿਚ ਕਟੌਤੀ ਲਈ ਇਹ ਇੱਕ ਸੋਚੀ ਸਮਝੀ ਰਣਨੀਤੀ ਹੈ। ਕੰਪਨੀ ਘਾਟੇ 'ਚ ਚੱਲ ਰਹੀ ਹੈ। ਇਹ ਮਾਰਕਿਟ ਵਿਚ ਤੁਹਾਡੇ ਨਾਮ ਨੂੰ ਖ਼ਰਾਬ ਕੀਤੇ ਬਿਨ੍ਹਾਂ ਲਾਗਤਾਂ ਨੂੰ ਘਟਾਉਣ ਦਾ ਇੱਕ ਤਰੀਕਾ ਹੈ। ਇੱਕ ਹੋਰ ਮੁਲਾਜ਼ਮ ਨੇ ਕਿਹਾ ਕਿ ਇਹ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਕਦਮ ਹੈ।
ਇੱਕ ਕਰਮਚਾਰੀ ਨੇ ਦੱਸਿਆ ਕਿ ਅਸਤੀਫ਼ੇ ਦਾ ਕਾਰਨ ਤਨਖ਼ਾਹ ਹੈ। ਭਰਤੀ ਦੇ ਸਮੇਂ ਕਰਮਚਾਰੀਆਂ ਨੂੰ ਦੱਸਿਆ ਗਿਆ ਸੀ ਕਿ ਵ੍ਹਾਈਟ ਹੈਟ ਜੂਨੀਅਰ ਦੇ ਗੁਰੂਗ੍ਰਾਮ, ਮੁੰਬਈ ਅਤੇ ਬੈਂਗਲੁਰੂ 'ਚ ਦਫ਼ਤਰ ਹਨ। ਉਨ੍ਹਾਂ ਨੂੰ ਇਨ੍ਹਾਂ ਥਾਵਾਂ 'ਤੇ ਕੰਮ ਕਰਨਾ ਪੈਂਦਾ ਹੈ। ਲਗਭਗ ਦੋ ਸਾਲ ਘਰੋਂ ਕੰਮ ਕਰਨ ਤੋਂ ਬਾਅਦ, ਉਨ੍ਹਾਂ ਦੀ ਤਨਖ਼ਾਹ ਵਧਣੀ ਚਾਹੀਦੀ ਹੈ ਤਾਂ ਜੋ ਉਹ ਇਨ੍ਹਾਂ ਮਹਿੰਗੇ ਸ਼ਹਿਰਾਂ ਵਿਚ ਰਹਿਣ ਦੇ ਯੋਗ ਹੋ ਸਕਣ।
ਵ੍ਹਾਈਟਹੈਟ ਜੂਨੀਅਰ ਨੇ Inc42 ਨੂੰ ਦੱਸਿਆ ਕਿ ਵਿਕਰੀ ਅਤੇ ਸਹਾਇਤਾ ਵਿਭਾਗ ਦੇ ਕਰਮਚਾਰੀਆਂ ਨੂੰ 18 ਅਪ੍ਰੈਲ ਤੱਕ ਆਪਣੇ ਗੁਰੂਗ੍ਰਾਮ ਅਤੇ ਮੁੰਬਈ ਦਫਤਰਾਂ ਵਿਚ ਰਿਪੋਰਟ ਕਰਨ ਲਈ ਕਿਹਾ ਗਿਆ ਸੀ। ਅਧਿਆਪਕ ਪਹਿਲਾਂ ਵਾਂਗ ਹੀ ਘਰੋਂ ਕੰਮ ਕਰਦੇ ਰਹਿਣਗੇ। ਮੈਡੀਕਲ ਅਤੇ ਹੋਰ ਮਹੱਤਵਪੂਰਨ ਕਾਰਨਾਂ ਵਾਲੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਤੋਂ ਛੋਟ ਦਿੱਤੀ ਗਈ ਹੈ। ਵ੍ਹਾਈਟਹੈਟ ਜੂਨੀਅਰ ਛੋਟੇ ਬੱਚਿਆਂ ਨੂੰ ਕੋਡਿੰਗ ਸਿਖਾਉਣ ਲਈ ਇੱਕ ਔਨਲਾਈਨ ਪਲੇਟਫਾਰਮ ਹੈ। BYJU'S ਨੇ ਹਾਸਲ ਕਰ ਲਿਆ ਹੈ।