ਕੇਜਰੀਵਾਲ ਵਲੋਂ PM ਮੋਦੀ ਦੀ ਉਮਰ ’ਤੇ ਸਵਾਲ ਚੁੱਕਣ ਮਗਰੋਂ ਭਾਜਪਾ ਨੇ ਦਿਤੀ ਸਫ਼ਾਈ, ਜਾਣੋ ਕੀ ਬੋਲੇ ਨੱਢਾ, ਸ਼ਾਹ ਅਤੇ ਰਾਜਨਾਥ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਭਾਜਪਾ ਦੇ ਸੰਵਿਧਾਨ ’ਚ ਉਮਰ ਨੂੰ ਲੈ ਕੇ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ 75 ਸਾਲ ਤੋਂ ਬਾਅਦ ਮੋਦੀ ਸੇਵਾਮੁਕਤ ਹੋ ਜਾਣਗੇ

PM Modi

ਨਵੀਂ ਦਿੱਲੀ/ਹੈਦਰਾਬਾਦ: ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾਵਾਂ ਨੇ ਸਨਿਚਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ’ਚ ਆਉਂਦੇ ਹਨ ਤਾਂ ਉਹ ਅਪਣਾ ਕਾਰਜਕਾਲ ਪੂਰਾ ਕਰ ਲੈਣਗੇ। ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦੇ ਇਸ ਦਾਅਵੇ ਨੂੰ ਖ਼ਾਰਜ ਕਰ ਦਿਤਾ ਕਿ ਮੋਦੀ ਚਾਹੁੰਦੇ ਹਨ ਕਿ ਅਗਲੇ ਸਾਲ 75 ਸਾਲ ਦੇ ਹੋਣ ਤੋ ਬਾਅਦ ਅਮਿਤ ਸ਼ਾਹ ਉਨ੍ਹਾਂ ਦੇ ਉਤਰਾਧਿਕਾਰੀ ਬਣਨਗੇ।

ਕੌਮੀ ਰਾਜਧਾਨੀ ’ਚ ‘ਆਪ’ ਹੈੱਡਕੁਆਰਟਰ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਵੋਟਾਂ ਮੰਗ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਦੇ 75 ਸਾਲ ਦੀ ਉਮਰ ’ਚ ਰਿਟਾਇਰ ਹੋਣ ਤੋਂ ਬਾਅਦ ਸ਼ਾਹ ਉਨ੍ਹਾਂ ਦੇ ਉੱਤਰਾਧਿਕਾਰੀ ਹੋਣਗੇ।

ਕੇਜਰੀਵਾਲ ਦੇ ਦਾਅਵੇ ਦਾ ਜਵਾਬ ਦਿੰਦੇ ਹੋਏ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਕੋਲ ਮੋਦੀ ਦਾ ਮੁਕਾਬਲਾ ਕਰਨ ਲਈ ਕੋਈ ਨੀਤੀ ਅਤੇ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਰ ਦਾ ਅਹਿਸਾਸ ਹੋਣ ਤੋਂ ਬਾਅਦ ਕੇਜਰੀਵਾਲ ਅਤੇ ਹੋਰ ਵਿਰੋਧੀ ਨੇਤਾ ਹੁਣ ਪੂਰੀ ਤਰ੍ਹਾਂ ਦੇਸ਼ ਨੂੰ ਗੁਮਰਾਹ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ, ‘‘ਭਾਜਪਾ ਦੇ ਸੰਵਿਧਾਨ ’ਚ ਉਮਰ ਨੂੰ ਲੈ ਕੇ ਅਜਿਹਾ ਕੋਈ ਪ੍ਰਬੰਧ ਨਹੀਂ ਹੈ।’’ 

ਇਕ ਸਵਾਲ ਦੇ ਜਵਾਬ ਵਿਚ ਸ਼ਾਹ ਨੇ ਹੈਦਰਾਬਾਦ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੇ ਸੰਵਿਧਾਨ ਵਿਚ ਅਜਿਹੀ ਕੋਈ ਉਮਰ ਸੀਮਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਭਾਜਪਾ ’ਚ ਕੋਈ ਭੰਬਲਭੂਸਾ ਨਹੀਂ ਹੈ। ਉਨ੍ਹਾਂ ਕਿਹਾ, ‘‘ਮੈਂ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਅਤੇ ਪੂਰੇ ‘ਇੰਡੀਆ’ ਗੱਠਜੋੜ ਨੂੰ ਦਸਣਾ ਚਾਹੁੰਦਾ ਹਾਂ ਕਿ ਮੋਦੀ ਨੂੰ ਅਪਣੇ 75ਵੇਂ ਜਨਮਦਿਨ ’ਤੇ ਖੁਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਮੋਦੀ ਅਪਣਾ ਕਾਰਜਕਾਲ ਪੂਰਾ ਕਰਨਗੇ ਅਤੇ ਉਹ ਦੇਸ਼ ਦੀ ਅਗਵਾਈ ਕਰਦੇ ਰਹਿਣਗੇ।’’ ਉਨ੍ਹਾਂ ਕਿਹਾ, ‘‘ਇਸ ਮੁੱਦੇ ’ਤੇ ਭਾਜਪਾ ’ਚ ਕੋਈ ਭੰਬਲਭੂਸਾ ਨਹੀਂ ਹੈ। ਉਹ (ਵਿਰੋਧੀ ਧਿਰ) ਇਹ ਭੰਬਲਭੂਸਾ ਪੈਦਾ ਕਰਨਾ ਚਾਹੁੰਦੇ ਹਨ।’’ 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ’ਤੇ ਇਕ ਪੋਸਟ ’ਚ ਸ਼ਾਹ ਦੇ ਸਟੈਂਡ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲਾ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਮੋਦੀ ਦੀ ਅਗਵਾਈ ਹੇਠ ਚੋਣਾਂ ਲੜ ਰਿਹਾ ਹੈ ਅਤੇ ਉਹ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਅਤੇ ਅਪਣਾ ਕਾਰਜਕਾਲ ਪੂਰਾ ਕਰਨਗੇ। ਉਨ੍ਹਾਂ ਕਿਹਾ, ‘‘ਭਾਜਪਾ, ਐਨ.ਡੀ.ਏ. ਜਾਂ ਲੋਕਾਂ ਵਿਚ ਇਸ ਨੂੰ ਲੈ ਕੇ ਕੋਈ ਭੰਬਲਭੂਸਾ ਨਹੀਂ ਹੈ।’’ ਰਾਜਨਾਥ ਸਿੰਘ ਨੇ ਕਿਹਾ ਕਿ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੇਜਰੀਵਾਲ ਵਲੋਂ ਦਿਤੇ ਗਏ ਬੇਬੁਨਿਆਦ ਬਿਆਨਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮੋਦੀ ਦੀ ਅਗਵਾਈ ਹੇਠ ਸੱਤਾਧਾਰੀ ਗੱਠਜੋੜ ਭਾਰੀ ਜਿੱਤ ਵਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡੀ ਗੱਠਜੋੜ ਜੋ ਅਪਣੀ ਲੀਡਰਸ਼ਿਪ ਬਾਰੇ ਫੈਸਲਾ ਕਰਨ ’ਚ ਅਸਮਰੱਥ ਹੈ, ਸਾਡੀ ਲੀਡਰਸ਼ਿਪ ਨੂੰ ਲੈ ਕੇ ਅਸਫਲ ਅਟਕਲਾਂ ਲਗਾ ਰਿਹਾ ਹੈ। ਮੋਦੀ ਭਾਜਪਾ ਦੇ ਦਿਲ ’ਚ ਹਨ। ਲੋਕਾਂ ’ਚ ਮੋਦੀ ਦੀ ਸਵੀਕਾਰਤਾ ਅਤੇ ਭਰੋਸੇਯੋਗਤਾ ਹੈ। ’’ 

ਇਸ ਤੋਂ ਇਲਾਵਾ ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਅਪਣੀ ਪਾਰਟੀ ਦੀ ਉੱਤਰਾਧਿਕਾਰੀ ਯੋਜਨਾ ਬਾਰੇ ਗੱਲ ਕਰ ਰਹੇ ਹਨ ਪਰ ਮਨੀ ਲਾਂਡਰਿੰਗ ਦੇ ਦੋਸ਼ ’ਚ ਜੇਲ ਜਾਣ ਦੇ ਬਾਵਜੂਦ ਉਨ੍ਹਾਂ ਨੂੰ ‘ਆਪ’ ਦੇ ਕਿਸੇ ਸਹਿਯੋਗੀ ’ਤੇ ਭਰੋਸਾ ਨਹੀਂ ਹੈ।