ਮੀਡੀਆ ਐਸੋਸੀਏਸ਼ਨਾਂ ਦੀ ਚੋਣ ਕਮਿਸ਼ਨ ਨੂੰ ਅਪੀਲ, ‘ਵੋਟਿੰਗ ਵਾਲੇ ਦਿਨ ਪ੍ਰੈਸ ਕਾਨਫਰੰਸ ਕਰਿਆ ਕਰੋ’
ਕਿਹਾ, 2019 ਦੀਆਂ ਆਮ ਚੋਣਾਂ ਤਕ ਚੋਣ ਕਮਿਸ਼ਨ ਵਲੋਂ ਹਰ ਪੜਾਅ ਦੀ ਵੋਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨਾ ਆਮ ਗੱਲ ਸੀ
ਨਵੀਂ ਦਿੱਲੀ: ਵੱਖ-ਵੱਖ ਮੀਡੀਆ ਸੰਗਠਨਾਂ ਨੇ ਸਨਿਚਰਵਾਰ ਨੂੰ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਦੇ ਹਰ ਪੜਾਅ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਨ। ਮੀਡੀਆ ਸੰਗਠਨਾਂ ਪ੍ਰੈੱਸ ਕਲੱਬ ਆਫ ਇੰਡੀਆ, ਇੰਡੀਅਨ ਵੂਮੈਨ ਪ੍ਰੈੱਸ ਕੋਰ, ਪ੍ਰੈੱਸ ਐਸੋਸੀਏਸ਼ਨ, ਫ਼ਾਰੇਨ ਕਾਰੇਸਪੋਂਡੈਂਟ ਕਲੱਬ ਅਤੇ ਦਿੱਲੀ ਯੂਨੀਅਨ ਆਫ ਜਰਨਲਿਸਟਸ ਨੇ ਵੀ ਚੋਣ ਅਥਾਰਟੀ ਨੂੰ ਅਪੀਲ ਕੀਤੀ ਹੈ ਕਿ ਉਹ ਵੋਟਿੰਗ ਦੇ ਅਗਲੇ ਦਿਨ ਚੋਣ ਨਾਲ ਜੁੜੇ ਪੂਰੇ ਅੰਕੜੇ ਜਾਰੀ ਕਰੇ, ਜਿਸ ਵਿਚ ਹਰ ਪੜਾਅ ਵਿਚ ਪਈਆਂ ਵੋਟਾਂ ਦੀ ਗਿਣਤੀ ਅਤੇ ਵੋਟਾਂ ਦੀ ਗਿਣਤੀ ਸ਼ਾਮਲ ਹੋਵੇ।
ਮੀਡੀਆ ਐਸੋਸੀਏਸ਼ਨਾਂ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਜੇਕਰ ਪੱਤਰਕਾਰਾਂ ਨੂੰ ਕੋਈ ਸ਼ੱਕ ਹੈ ਤਾਂ ਉਹ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਨੂੰ ਦੂਰ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅਪਣੇ ਪਾਠਕਾਂ ਲਈ ਗਲਤੀਹੀਣ ਖ਼ਬਰ ਲਿਖਣ ’ਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ 2019 ਦੀਆਂ ਆਮ ਚੋਣਾਂ ਤਕ ਚੋਣ ਕਮਿਸ਼ਨ ਵਲੋਂ ਹਰ ਪੜਾਅ ਦੀ ਵੋਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨਾ ਆਮ ਗੱਲ ਸੀ।
ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ 65.68 ਫੀ ਸਦੀ ਵੋਟਿੰਗ ਹੋਈ: ਚੋਣ ਕਮਿਸ਼ਨ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ 65.68 ਫੀ ਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਚੋਣ ਕਮਿਸ਼ਨ ਨੇ ਤੀਜੇ ਪੜਾਅ ਦੀ ਵੋਟਿੰਗ ਤੋਂ ਇਕ ਦਿਨ ਬਾਅਦ 8 ਮਈ ਨੂੰ ਇਹ ਅੰਕੜੇ ਜਾਰੀ ਕੀਤੇ ਸਨ। ਕਮਿਸ਼ਨ ਨੇ ਸਨਿਚਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ 66.89 ਫ਼ੀ ਸਦੀ ਮਰਦਾਂ, 64.4 ਫੀ ਸਦੀ ਔਰਤਾਂ ਅਤੇ 25.2 ਫੀ ਸਦੀ ਰਜਿਸਟਰਡ ਟਰਾਂਸਜੈਂਡਰਾਂ ਨੇ ਵੋਟ ਪਾਈ। ਤੀਜੇ ਪੜਾਅ ’ਚ 8.85 ਕਰੋੜ ਮਰਦਾਂ ਅਤੇ 8.39 ਕਰੋੜ ਔਰਤਾਂ ਸਮੇਤ 17.24 ਕਰੋੜ ਨਾਗਰਿਕ ਵੋਟ ਪਾਉਣ ਦੇ ਯੋਗ ਸਨ। ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ ਮੰਗਲਵਾਰ ਨੂੰ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 93 ਸੀਟਾਂ ’ਤੇ ਵੋਟਿੰਗ ਹੋਈ। ਇਸ ਸਮੇਂ ਦੌਰਾਨ ਹਿੰਸਾ ਦੀਆਂ ਕੁੱਝ ਘਟਨਾਵਾਂ ਵਾਪਰੀਆਂ। ਇਸ ਤੋਂ ਪਹਿਲਾਂ 2019 ਦੀਆਂ ਸੰਸਦੀ ਚੋਣਾਂ ਦੇ ਤੀਜੇ ਪੜਾਅ ’ਚ 68.4 ਫੀ ਸਦੀ ਵੋਟਿੰਗ ਹੋਈ ਸੀ।