Varun Gandhi News: ਮੇਨਕਾ ਗਾਂਧੀ ਨੇ ਦਿਤਾ ਸੰਕੇਤ, ਸਰਕਾਰ ਦੀ ਆਲੋਚਨਾ ਕਾਰਨ ਵਰੁਣ ਗਾਂਧੀ ਦਾ ਟਿਕਟ ਕਟਿਆ
ਮੇਨਕਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਵਰੁਣ ਗਾਂਧੀ ਉਨ੍ਹਾਂ ਲਈ ਆ ਕੇ ਪ੍ਰਚਾਰ ਕਰਨਾ ਚਾਹੁੰਦੇ ਹਨ ਪਰ ਅਜੇ ਤਕ ਇਸ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ।
Varun Gandhi News: ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਮੇਨਕਾ ਗਾਂਧੀ ਨੇ ਸਨਿਚਰਵਾਰ ਨੂੰ ਸੰਕੇਤ ਦਿਤਾ ਕਿ ਸ਼ਾਇਦ ਸਰਕਾਰ ਦੀ ਆਲੋਚਨਾ ਕਾਰਨ ਉਨ੍ਹਾਂ ਦੇ ਬੇਟੇ ਵਰੁਣ ਗਾਂਧੀ ਨੂੰ ਪੀਲੀਭੀਤ ਤੋਂ ਪਾਰਟੀ ਦੀ ਲੋਕ ਸਭਾ ਟਿਕਟ ਨਹੀਂ ਮਿਲੀ। ਨਾਲ ਹੀ ਉਨ੍ਹਾਂ ਇਹ ਵੀ ਭਰੋਸਾ ਜ਼ਾਹਰ ਕੀਤਾ ਕਿ ਟਿਕਟਾਂ ਨਾ ਮਿਲਣ ਦੇ ਬਾਵਜੂਦ ਵਰੁਣ ਬਹੁਤ ਵਧੀਆ ਪ੍ਰਦਰਸ਼ਨ ਕਰਨਗੇ। ਸਾਬਕਾ ਕੇਂਦਰੀ ਮੰਤਰੀ ਅਤੇ ਸੁਲਤਾਨਪੁਰ ਸੀਟ ਤੋਂ ਭਾਜਪਾ ਉਮੀਦਵਾਰ ਮੇਨਕਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਵਰੁਣ ਗਾਂਧੀ ਉਨ੍ਹਾਂ ਲਈ ਆ ਕੇ ਪ੍ਰਚਾਰ ਕਰਨਾ ਚਾਹੁੰਦੇ ਹਨ ਪਰ ਅਜੇ ਤਕ ਇਸ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ।
ਉੱਤਰ ਪ੍ਰਦੇਸ਼ ਦੀ ਸੁਲਤਾਨਪੁਰ ਸੀਟ ’ਤੇ ਆਮ ਚੋਣਾਂ ਦੇ ਛੇਵੇਂ ਪੜਾਅ ’ਚ 25 ਮਈ ਨੂੰ ਵੋਟਾਂ ਪੈਣਗੀਆਂ। ਇਹ ਪੁੱਛੇ ਜਾਣ ’ਤੇ ਕਿ ਕੀ ਵਰੁਣ ਗਾਂਧੀ ਨੂੰ ਟਿਕਟ ਦੇਣ ਤੋਂ ਇਨਕਾਰ ਕਰਨ ’ਤੇ ਮਾਂ ਹੋਣ ਦੇ ਨਾਤੇ ਉਨ੍ਹਾਂ ਨੂੰ ਬੁਰਾ ਮਹਿਸੂਸ ਹੋਇਆ, ਮੇਨਕਾ ਨੇ ਕਿਹਾ, ‘‘ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ ਖੁਸ਼ ਹਾਂ ਪਰ ਮੈਨੂੰ ਯਕੀਨ ਹੈ ਕਿ ਵਰੁਣ ਬਿਨਾਂ ਟਿਕਟ ਦੇ ਵੀ ਚੰਗਾ ਪ੍ਰਦਰਸ਼ਨ ਕਰਨਗੇ।’’
ਵਰੁਣ ਨੂੰ ਇਸ ਵਾਰ ਵੀ ਪੀਲੀਭੀਤ ਤੋਂ ਚੋਣ ਮੈਦਾਨ ’ਚ ਉਤਾਰਨ ਦੀ ਮੰਗ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਹਾਂ, ਉਨ੍ਹਾਂ ਨੂੰ ਉੱਥੇ (ਪੀਲੀਭੀਤ ਤੋਂ ਭਾਜਪਾ ਉਮੀਦਵਾਰ) ਹੋਣਾ ਚਾਹੀਦਾ ਸੀ ਪਰ ਪਾਰਟੀ ਨੇ ਫੈਸਲਾ ਕਰ ਲਿਆ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਵਰੁਣ ਗਾਂਧੀ ਭਵਿੱਖ ’ਚ ਪਹਿਲਾਂ ਦੀ ਤਰ੍ਹਾਂ ਸੁਲਤਾਨਪੁਰ ਜਾ ਸਕਦੇ ਹਨ ਜਾਂ ਪੀਲੀਭੀਤ ਅਜੇ ਵੀ ਉਨ੍ਹਾਂ ਦੀ ਕਰਮਭੂਮੀ ਹੈ, ਮੇਨਕਾ ਗਾਂਧੀ ਨੇ ਕਿਹਾ, ‘‘ਫਿਲਹਾਲ, ਯਕੀਨੀ ਤੌਰ ’ਤੇ ਪੀਲੀਭੀਤ ਅਤੇ ਭਾਰਤ ਉਨ੍ਹਾਂ ਦਾ ਕਾਰਜ ਸਥਾਨ ਹੈ, ਉਨ੍ਹਾਂ ਨੂੰ ਹਰ ਜਗ੍ਹਾ ਕੰਮ ਕਰਨ ਦਿਓ।’’
ਇਹ ਪੁੱਛੇ ਜਾਣ ’ਤੇ ਕਿ ਕੀ ਵਰੁਣ ਨੂੰ ਸਰਕਾਰ ਦੀ ਆਲੋਚਨਾ ਕਰਨ ਲਈ ਟਿਕਟ ਨਹੀਂ ਮਿਲੀ, ਉਨ੍ਹਾਂ ਕਿਹਾ, ‘‘ਮੈਨੂੰ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦਾ।’’
ਉਨ੍ਹਾਂ ਕਿਹਾ ਕਿ ਲੋਕ ਅਯੁੱਧਿਆ ’ਚ ਰਾਮ ਮੰਦਰ ਨੂੰ ਲੈ ਕੇ ਬਹੁਤ ਖੁਸ਼ ਹਨ ਪਰ ਇਹ ਚੋਣ ਚਰਚਾ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਹਰ ਕਿਸੇ ਦੇ ਦਿਲ ’ਚ ਹੋ ਸਕਦਾ ਹੈ ਪਰ ਇਹ ਆਮ ਵਿਚਾਰ-ਵਟਾਂਦਰੇ ਦਾ ਮੁੱਦਾ ਨਹੀਂ ਹੈ।
(For more Punjabi news apart from 'Bad parenting fee' at Georgia restaurant, stay tuned to Rozana Spokesman)