Anganwadi workers: ਤ੍ਰਿਪੁਰਾ ਦੀਆਂ ਆਂਗਨਵਾੜੀ ਵਰਕਰਾਂ ਤੇ ਸਹਾਇਕਾਵਾਂ ਨੂੰ ਮਿਲੇਗਾ ਗ੍ਰੈਚੁਟੀ ਦਾ ਲਾਭ
ਪੰਜਾਬ ਦੇ ਆਂਗਨਵਾੜੀ ਵਰਕਰ ਵੀ ਜਾਣਗੇ ਕੋਰਟ
Anganwadi workers: ਤ੍ਰਿਪੁਰਾ ’ਚ ਆਂਗਨਵਾੜੀ ਵਰਕਰਾਂ ਤੇ ਸਹਾਇਕਾਵਾਂ ਨੂੰ ਹੁਣ ਰਿਟਾਇਰਮੈਂਟ ਤੋਂ ਬਾਅਦ ਗ੍ਰੈਚੁਟੀ ਦਾ ਲਾਭ ਦਿਤਾ ਜਾਵੇਗਾ। ਇਹ ਫ਼ੈਸਲਾ ਤ੍ਰਿਪੁਰਾ ਦੀ ਹਾਈ ਕੋਰਟ ਨੇ ਸੁਣਾਇਆ ਹੈ। ਇਸ ਫ਼ੈਸਲੇ ਤੋਂ ਬਾਅਦ ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ’ਚ ਵੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਅਜਿਹੇ ਮੁਲਾਜ਼ਮ-ਪਖੀ ਫ਼ੈਸਲੇ ਇਥੇ ਵੀ ਲਾਗੂ ਹੋਣਗੇ? ਜੇ ਤ੍ਰਿਪੁਰਾ ਜਿਹੇ ਪਛੜੇ ਤੇ ਗ਼ਰੀਬ ਸੂਬੇ ’ਚ ਗ੍ਰੈਚੁਟੀ ਦਾ ਲਾਭ ਮਿਲ ਸਕਦਾ ਹੈ, ਤਾਂ ਪੰਜਾਬ ’ਚ ਕਿਉਂ ਨਹੀਂ।
ਤ੍ਰਿਪੁਰਾ ਹਾਈ ਕੋਰਟ ਨੇ ਸੇਵਾ-ਮੁਕਤ ਆਂਗਨਵਾੜੀ ਵਰਕਰਾਂ ਦੇ ਇਕ ਸਮੂਹ ਵੱਲੋਂ ਦਾਇਰ ਪਟੀਸ਼ਨ ’ਤੇ ਲੰਮੀ ਸੁਣਵਾਈ ਤੋਂ ਬਾਅਦ ਸ਼ੁਕਰਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਰਾਜ ਸਰਕਾਰ ਨੂੰ ਸਾਰੇ ਆਂਗਨਵਾੜੀ ਵਰਕਰਾਂ ਤੇ ਸਹਾਇਕਾਵਾਂ ਨੂੰ ਉਨ੍ਹਾਂ ਦੀ ਸੇਵਾ-ਮੁਕਤੀ ਮੌਕੇ ਗ੍ਰੈਚੁਟੀ ਦਾ ਲਾਭ ਦੇਣ ਦੀ ਹਦਾਇਤ ਜਾਰੀ ਕੀਤੀ ਹੈ। ਜਸਟਿਸ ਸਬਯਸਾਚੀ ਦੱਤਾ ਪੁਰਕਾਇਸਥ ਨੇ ਰਾਜ ਸਰਕਾਰ ਨੂੰ ਸਾਰੇ ਸੇਵਾ-ਮੁਕਤ ਆਂਗਨਵਾੜੀ ਵਰਕਰਾਂ ਦੇ ਹਕ ’ਚ ਇਹ ਵੱਡਾ ਫ਼ੈਸਲਾ ਸੁਣਾਇਆ ਹੈ।
ਪਟੀਸ਼ਨਰਾਂ ਦੇ ਵਕੀਲ ਪੁਰਸ਼ੋਤਮ ਰੇਅ ਬਰਮਨ ਨੇ ਕਿਹਾ ਕਿ ਇਸ ਫ਼ੈਸਲੇ ਨਾਲ 20,000 ਤੋਂ ਵੱਧ ਆਂਗਨਵਾੜੀ ਵਰਕਰਾਂ ਤੇ ਸਹਾਇਕਾਵਾਂ ਨੂੰ ਲਾਭ ਮਿਲੇਗਾ। ਵਕੀਲ ਨੇ ਕਿਹਾ ਕਿ ਘਟ ਤਨਖ਼ਾਹ ਵਾਲੇ ਕਰਮਚਾਰੀਆਂ ਨੇ ਬੱਚਿਆਂ ਦੇ ਸਮੁਚੇ ਵਿਕਾਸ ਵਿਚ ਯੋਗਦਾਨ ਪਾਇਆ ਹੈ ਪਰ ਸੇਵਾ-ਮੁਕਤੀ ਤੋਂ ਬਾਅਦ ਇਹ ਸਾਰੇ ਕਰਮਚਾਰੀ ਖਾਲੀ ਹੱਥ ਹੀ ਘਰ ਪਰਤਦੇ ਰਹੇ ਹਨ।
ਵਕੀਲ ਨੇ ਇਹ ਵੀ ਦਸਿਆ ਕਿ ਸਾਲ 2021 ’ਚ ਸੁਪਰੀਮ ਕੋਰਟ ਨੇ ਗੁਜਰਾਤ ਆਂਗਨਵਾੜੀ ਵਰਕਰਾਂ ਤੇ ਸਹਾਇਕਾਵਾਂ ਦੇ ਇਕ ਮਾਮਲੇ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਸਭਨਾਂ ਨੂੰ ਜ਼ਮੀਨੀ ਪੱਧਰ ’ਤੇ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਪਛਾਣਦਿਆਂ ਗ੍ਰੈਚੁਟੀ ਲਾਭ ਪ੍ਰਦਾਨ ਕਰਨ ਦੀ ਹਦਾਇਤ ਜਾਰੀ ਕੀਤੀ ਸੀ। ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਧਿਆਨ ’ਚ ਰਖਦਿਆਂ ਤ੍ਰਿਪੁਰਾ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਬਿਨਾ ਕਿਸੇ ਦੇਰੀ ਦੇ ਸਾਰੇ ਆਂਗਨਵਾੜੀ ਵਰਕਰਾਂ ਤੇ ਸਹਾਇਕਾਵਾਂ ਨੂੰ ਗ੍ਰੈਚੁਟੀ ਦੇਣ ਦੀ ਹਦਾਇਤ ਕੀਤੀ।
ਪੰਜਾਬ ਦੇ ਆਂਗਨਵਾੜੀ ਵਰਕਰ ਵੀ ਕਰਨਗੇ ਹਾਈ ਕੋਰਟ ਤਕ ਪਹੁੰਚ
ਮੋਹਾਲੀ: ਆਂਗਨਵਾੜੀ ਫ਼ੈਡਰੇਸ਼ਨ ਆੱਫ਼ ਇੰਡੀਆ ਅਤੇ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ‘ਰੋਜ਼ਾਨਾ ਸਪੋਕਸਮੈਨ’ ਨਾਲ ਗਲਬਾਤ ਦੌਰਾਨ ਕਿਹਾ ਕਿ ਉਹ ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਹੱਕ ’ਚ ਡਟਦੇ ਆਏ ਹਨ ਪਰ ਹਾਲੇ ਤਕ ਕਿਤੇ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਤ੍ਰਿਪੁਰਾ ਸੂਬੇ ਦੀਆਂ ਆਂਗਨਵਾੜੀ ਵਰਕਰਾਂ ਨੂੰ ਮਿਲੇ ਲਾਭ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿਤੀ।