Operation Sindoor : '100 ਅੱਤਵਾਦੀ ਮਾਰੇ ਗਏ, 9 ਕੈਂਪ ਤਬਾਹ', ਆਪ੍ਰੇਸ਼ਨ ਸਿੰਦੂਰ 'ਤੇ ਪ੍ਰੈਸ ਵਾਰਤਾ 'ਚ ਵੱਡੇ ਖੁਲਾਸੇ
'ਆਪ੍ਰੇਸ਼ਨ ਸਿੰਦੂਰ' 'ਚ ਭਾਰਤ ਦੇ 5 ਜਵਾਨ ਸ਼ਹੀਦ ਹੋਏ:DGMO
Operation Sindoor : ਭਾਰਤ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਪਾਕਿਸਤਾਨੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ’ਚ ਆਧੁਨਿਕ ਤਕਨਾਲੋਜੀ ਵਾਲੇ ਉਸ ਦੇ ਲੜਾਕੂ ਜਹਾਜ਼ਾਂ ਨੂੰ ਮਾਰ ਸੁੱਟਣਾ ਅਤੇ ਰਾਜਧਾਨੀ ਇਸਲਾਮਾਬਾਦ ਦੇ ਨੇੜੇ ਪ੍ਰਮੁੱਖ ਫੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣਾ ਸ਼ਾਮਲ ਹੈ।
ਮਿਲਟਰੀ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਕਿ ਲੜਾਈ ਵਿਚ 35-40 ਪਾਕਿਸਤਾਨੀ ਫੌਜੀ ਮਾਰੇ ਗਏ ਅਤੇ ਨਵੀਂ ਦਿੱਲੀ ਨੇ ਅਪਣੇ ਲੋੜੀਂਦੇ ਉਦੇਸ਼ਾਂ ਨੂੰ ਹਾਸਲ ਕਰ ਲਿਆ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਨੇ ਅੱਗੇ ਤੋਂ ਕੋਈ ਦੁਸ਼ਮਣੀ ਦੀ ਕਾਰਵਾਈ ਕੀਤੀ ਤਾਂ ਉਸ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ।
ਸਾਂਝੀ ਪ੍ਰੈੱਸ ਕਾਨਫ਼ਰੰਸ ’ਚ ਫੌਜ, ਭਾਰਤੀ ਹਵਾਈ ਫੌਜ ਅਤੇ ਭਾਰਤੀ ਸਮੁੰਦਰੀ ਫ਼ੌਜ ਦੇ ਸੀਨੀਅਰ ਫੌਜੀ ਅਧਿਕਾਰੀਆਂ ਨੇ ਆਪਰੇਸ਼ਨ ਸੰਧੂਰ ਦਾ ਵੇਰਵਾ ਦਿਤਾ, ਜਿਸ ਵਿਚ ਇਹ ਵੀ ਸ਼ਾਮਲ ਸੀ ਕਿ ਕਿਵੇਂ ਦੇਸ਼ ਨੇ ਭਾਰਤੀ ਫੌਜੀ ਟਿਕਾਣਿਆਂ ਅਤੇ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਪਾਕਿਸਤਾਨੀ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ।
ਇਕ ਸਵਾਲ ਦੇ ਜਵਾਬ ਵਿਚ ਏਅਰ ਮਾਰਸ਼ਲ ਏ.ਕੇ. ਭਾਰਤੀ ਨੇ ਕਿਹਾ ਕਿ ਭਾਰਤ ਨੇ ਕੁੱਝ ਪਾਕਿਸਤਾਨੀ ਜਹਾਜ਼ਾਂ ਨੂੰ ਜ਼ਰੂਰ ਮਾਰ ਸੁੱਟਿਆ ਪਰ ਗਿਣਤੀ ਬਾਰੇ ਅੰਦਾਜ਼ਾ ਲਗਾਉਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ, ‘‘ਪਾਕਿਸਤਾਨ ਦੇ ਜਹਾਜ਼ਾਂ ਨੂੰ ਸਾਡੀ ਸਰਹੱਦ ਦੇ ਅੰਦਰ ਆਉਣ ਤੋਂ ਰੋਕਿਆ ਗਿਆ। ਸਾਡੇ ਕੋਲ ਮਲਬਾ ਨਹੀਂ ਹੈ ਪਰ ਨਿਸ਼ਚਿਤ ਤੌਰ ’ਤੇ ਅਸੀਂ ਕੁੱਝ ਜਹਾਜ਼ਾਂ ਨੂੰ ਮਾਰ ਸੁੱਟਿਆ ਹੈ।’’
ਭਾਰਤੀ ਲੜਾਕੂ ਜਹਾਜ਼ਾਂ ਦੇ ਨੁਕਸਾਨ ਦੀਆਂ ਵਿਦੇਸ਼ੀ ਮੀਡੀਆ ਰੀਪੋਰਟਾਂ ਬਾਰੇ ਪੁੱਛੇ ਜਾਣ ’ਤੇ ਏਅਰ ਮਾਰਸ਼ਲ ਭਾਰਤੀ ਨੇ ਕਿਹਾ, ‘‘ਅਸੀਂ ਲੜਾਈ ਦੀ ਸਥਿਤੀ ’ਚ ਹਾਂ ਅਤੇ ਨੁਕਸਾਨ ਲੜਾਈ ਦਾ ਹਿੱਸਾ ਹੈ।’’ ਉਨ੍ਹਾਂ ਕਿਹਾ, ‘‘ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਅਸੀਂ ਅਪਣੇ ਉਦੇਸ਼ਾਂ ਨੂੰ ਪ੍ਰਾਪਤ ਕਰ ਲਿਆ ਹੈ ਜੋ ਅਸੀਂ ਚੁਣੇ ਸਨ ਅਤੇ ਸਾਡੇ ਸਾਰੇ ਪਾਇਲਟ ਘਰ ਵਾਪਸ ਆ ਗਏ ਹਨ।’’
ਡੀ.ਜੀ.ਐਮ.ਓ. ਲੈਫਟੀਨੈਂਟ ਜਨਰਲ ਘਈ ਨੇ ਆਪਰੇਸ਼ਨ ਸੰਧੂਰ ਦੌਰਾਨ ਦੁਖਦਾਈ ਢੰਗ ਨਾਲ ਅਪਣੀਆਂ ਜਾਨਾਂ ਗੁਆਉਣ ਵਾਲੇ ਪੰਜ ਭਾਰਤੀ ਨਾਇਕਾਂ ਅਤੇ ਨਾਗਰਿਕਾਂ ਨੂੰ ਵੀ ਸ਼ਰਧਾਂਜਲੀ ਦਿਤੀ। ਉਨ੍ਹਾਂ ਕਿਹਾ, ‘‘ਅਸੀਂ ਹੁਣ ਤਕ ਬਹੁਤ ਸੰਜਮ ਵਰਤਿਆ ਹੈ ਅਤੇ ਸਾਡੀਆਂ ਕਾਰਵਾਈਆਂ ਕੇਂਦਰਿਤ, ਨਪੀਆਂ-ਤੁਲੀਆਂ ਅਤੇ ਸੰਜਮੀ ਸਨ। ਹਾਲਾਂਕਿ, ਸਾਡੇ ਨਾਗਰਿਕਾਂ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਸੁਰੱਖਿਆ ਲਈ ਕਿਸੇ ਵੀ ਖਤਰੇ ਦਾ ਨਿਰਣਾਇਕ ਤਾਕਤ ਨਾਲ ਮੁਕਾਬਲਾ ਕੀਤਾ ਜਾਵੇਗਾ।’’ ਪਾਕਿਸਤਾਨੀ ਫੌਜ ਨੂੰ ਹੋਏ ਨੁਕਸਾਨ ਬਾਰੇ ਡੀ.ਜੀ.ਐਮ.ਓ. ਨੇ ਕਿਹਾ ਕਿ 35-40 ਪਾਕਿ ਫ਼ੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਡੀ.ਜੀ.ਐਮ.ਓ. ਨੇ ਕਿਹਾ ਕਿ ਇਹ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸਨ ਜਿਨ੍ਹਾਂ ਨੇ ਕੱਲ੍ਹ ਦੁਪਹਿਰ ਉਨ੍ਹਾਂ ਨੂੰ ਫੋਨ ਕੀਤਾ ਅਤੇ ਹਮਲਿਆਂ ਨੂੰ ਰੋਕਣ ਦਾ ਰਸਤਾ ਲੱਭਣ ਦੀ ਬੇਨਤੀ ਕੀਤੀ। ਦੋਵੇਂ ਡੀ.ਜੀ.ਐਮ.ਓ. ਸਨਿਚਰਵਾਰ ਦੁਪਹਿਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5 ਵਜੇ ਤੋਂ ਜ਼ਮੀਨ ਅਤੇ ਹਵਾ ਅਤੇ ਸਮੁੰਦਰ ’ਚ ਸਾਰੀਆਂ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਹਿਮਤ ਹੋਏ।
ਭਾਰਤੀ ਫੌਜ ਨੇ ਸੁਝਾਅ ਦਿਤਾ ਕਿ ਪਾਕਿਸਤਾਨੀ ਡੀ.ਜੀ.ਐਮ.ਓ. ਦਾ ਇਹ ਸੱਦਾ ਭਾਰਤੀ ਹਥਿਆਰਬੰਦ ਬਲਾਂ ਵਲੋਂ ਸਨਿਚਰਵਾਰ ਸਵੇਰੇ ਰਫੀਕੀ, ਮੁਰੀਦ, ਚਕਲਾ, ਰਹੀਮ ਯਾਰ ਖਾਨ, ਸੁਕੁਰ ਅਤੇ ਚੁਨੀਆਂ ਸਮੇਤ ਕਈ ਪਾਕਿਸਤਾਨੀ ਫੌਜੀ ਟਿਕਾਣਿਆਂ ’ਤੇ ਕੀਤੇ ਗਏ ਤਿੱਖੇ ਜਵਾਬੀ ਹਮਲੇ ਤੋਂ ਬਾਅਦ ਆਇਆ ਹੈ। ਪਾਕਿਸਤਾਨੀ ਫੌਜ ਨੇ 9-10 ਮਈ ਦੀ ਰਾਤ ਨੂੰ ਵੱਡੇ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਲੈਫਟੀਨੈਂਟ ਜਨਰਲ ਘਈ ਨੇ ਕਿਹਾ ਕਿ 7 ਮਈ ਨੂੰ ਆਪਰੇਸ਼ਨ ਸਿੰਦੂਰ ਦੌਰਾਨ ਆਈ.ਸੀ.-814 ਨੂੰ ਅਗਵਾ ਕਰਨ ਅਤੇ ਪੁਲਵਾਮਾ ਧਮਾਕੇ ਵਿਚ ਸ਼ਾਮਲ ਯੂਸਫ ਅਜ਼ਹਰ, ਅਬਦੁਲ ਮਲਿਕ ਰਊਫ ਅਤੇ ਮੁਦਾਸਿਰ ਅਹਿਮਦ ਵਰਗੇ ਉੱਚ ਮੁੱਲ ਦੇ ਨਿਸ਼ਾਨਿਆਂ ਸਮੇਤ 100 ਤੋਂ ਵੱਧ ਅਤਿਵਾਦੀ ਮਾਰੇ ਗਏ ਸਨ।
ਉਨ੍ਹਾਂ ਨੇ ਦਸਿਆ ਕਿ ਸਾਵਧਾਨੀ ਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ 9 ਅਤਿਵਾਦੀ ਟਿਕਾਣਿਆਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਸਹੀ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਗਿਆ। ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 9 ਅਤਿਵਾਦੀ ਢਾਂਚਿਆਂ ਨੂੰ ਤਬਾਹ ਕਰਨ ਲਈ 7 ਮਈ ਦੀ ਸ਼ੁਰੂਆਤ ਵਿਚ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਪਾਕਿਸਤਾਨੀ ਹਮਲਿਆਂ ਦਾ ਜਵਾਬ ਆਪਰੇਸ਼ਨ ਸੰਧੂਰ ਦੇ ਤਹਿਤ ਦਿਤਾ ਗਿਆ ਸੀ