ਜੰਮੂ ’ਚ ਪਾਕਿ ਗੋਲੀਬਾਰੀ ਕਾਰਨ ਜ਼ਖ਼ਮੀ ਬੀ.ਐਸ.ਐਫ. ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਸਨਮਾਨਾਂ ਨਾਲ ਸ਼ਰਧਾਂਜਲੀ ਸਮਾਰੋਹ ਕੱਲ੍ਹ ਸਰਹੱਦੀ ਹੈੱਡਕੁਆਰਟਰ ਜੰਮੂ ਵਿਖੇ ਹੋਵੇਗਾ

BSF jawan injured in Pak firing martyred in Jammu

ਜੰਮੂ: ਪਾਕਿਸਤਾਨੀ ਗੋਲੀਬਾਰੀ ’ਚ ਜ਼ਖ਼ਮੀ ਹੋਏ ਬੀ.ਐਸ.ਐਫ. ਦੇ ਇਕ ਜਵਾਨ ਦੀ ਐਤਵਾਰ ਨੂੰ ਜੰਮੂ ਦੇ ਇਕ ਹਸਪਤਾਲ ’ਚ ਮੌਤ ਹੋ ਗਈ। ਇਸ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਾਰ ਦਿਨਾਂ ਤੋਂ ਚੱਲ ਰਹੀ ਤਿੱਖੀ ਝੜਪ ਵਿਚ ਭਾਰਤ ਵਾਲੇ ਪਾਸੇ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ।
ਕਾਂਸਟੇਬਲ ਦੀਪਕ ਚਿਮਨਗਾਖਮ ਉਨ੍ਹਾਂ ਅੱਠ ਜਵਾਨਾਂ ’ਚ ਸ਼ਾਮਲ ਹਨ, ਜੋ ਸਨਿਚਰਵਾਰ  ਨੂੰ ਆਰ.ਐੱਸ. ਪੁਰਾ ਸੈਕਟਰ ’ਚ ਕੌਮਾਂਤਰੀ  ਸਰਹੱਦ ’ਤੇ  ਸਰਹੱਦ ਪਾਰ ਤੋਂ ਕੀਤੀ ਗਈ ਗੋਲੀਬਾਰੀ ’ਚ ਜ਼ਖਮੀ ਹੋ ਗਏ।

ਬੀ.ਐਸ.ਐਫ਼. ਜੰਮੂ ਨੇ ਇਕ ਪੋਸਟ ’ਚ ਕਿਹਾ, ‘‘ਅਸੀਂ ਦੇਸ਼ ਦੀ ਸੇਵਾ ’ਚ ਬੀ.ਐਸ.ਐਫ. ਦੇ ਬਹਾਦਰ ਕਾਂਸਟੇਬਲ ਚਿਮਨਗਾਖਮ ਦੇ ਸਰਵਉੱਚ ਬਲੀਦਾਨ ਨੂੰ ਸਲਾਮ ਕਰਦੇ ਹਾਂ। ਉਹ 10 ਮਈ ਨੂੰ ਆਰ.ਐਸ. ਪੁਰਾ ਇਲਾਕੇ ’ਚ ਕੌਮਾਂਤਰੀ  ਸਰਹੱਦ ’ਤੇ  ਸਰਹੱਦ ਪਾਰ ਤੋਂ ਗੋਲੀਬਾਰੀ ਦੌਰਾਨ ਜ਼ਖਮੀ ਹੋ ਗਏ ਸਨ ਅਤੇ 11 ਮਈ ਨੂੰ ਸ਼ਹੀਦ ਹੋ ਗਏ।’’

ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਅਤੇ ਸਾਰੇ ਰੈਂਕਾਂ ਨੇ ਉਨ੍ਹਾਂ ਦੇ ਪਰਵਾਰ  ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ। ਸ਼ਹੀਦ ਜਵਾਨ ਨੂੰ ਪੂਰੇ ਸਨਮਾਨਾਂ ਨਾਲ ਸ਼ਰਧਾਂਜਲੀ ਸਮਾਰੋਹ ਕੱਲ੍ਹ (ਸੋਮਵਾਰ) ਸਰਹੱਦੀ ਹੈੱਡਕੁਆਰਟਰ ਜੰਮੂ ਵਿਖੇ ਹੋਵੇਗਾ।