ਪਾਕਿ ਨਾਲ ਚਰਚਾ ਸਿਰਫ਼ ਭਾਰਤ ਨੂੰ ਮਕਬੂਜ਼ਾ ਕਸ਼ਮੀਰ ਵਾਪਸ ਦੇਣ ’ਤੇ ਹੋਵੇਗੀ : ਸਰਕਾਰੀ ਸੂਤਰ
ਕਸ਼ਮੀਰ ਮੁੱਦੇ ’ਤੇ ਵਿਚੋਲਗੀ ਨੂੰ ਕਦੇ ਮਨਜ਼ੂਰ ਨਹੀਂ ਕਰੇਗਾ ਭਾਰਤ
ਨਵੀਂ ਦਿੱਲੀ: ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਕਸ਼ਮੀਰ ਨਾਲ ਜੁੜੇ ਜਿਸ ਇਕੋ-ਇਕ ਮੁੱਦੇ ’ਤੇ ਚਰਚਾ ਹੋਵੇਗੀ, ਉਹ ਹੈ ਪਾਕਿਸਤਾਨ ਵਲੋਂ ਅਪਣੇ ਨਾਜਾਇਜ਼ ਕਬਜ਼ੇ ਵਾਲੇ ਖੇਤਰ ਨੂੰ ਵਾਪਸ ਕਰਨਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੰਧੂ ਜਲ ਸਮਝੌਤਾ ਉਦੋਂ ਤਕ ਮੁਲਤਵੀ ਰਹੇਗਾ ਜਦੋਂ ਤਕ ਭਾਰਤ ਵਿਰੁਧ ਪਾਕਿਸਤਾਨ ਦੇ ਪੈਸੇ ਬਦੌਲਤ ਚਲ ਰਿਹਾ ਅਤਿਵਾਦ ਜਾਰੀ ਰਹੇਗਾ।
ਸੂਤਰਾਂ ਅਨੁਸਾਰ ਪਾਕਿਸਤਾਨ ਨਾਲ ਸਿਰਫ ਮਿਲਟਰੀ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲ (ਡੀ.ਜੀ.ਐਮ.ਓ.) ਰਾਹੀਂ ਗੱਲਬਾਤ ਹੋਵੇਗੀ। ਸੂਤਰਾਂ ਨੇ ਕਿਹਾ ਕਿ ਚਰਚਾ ਕਰਨ ਲਈ ਕੋਈ ਹੋਰ ਮੁੱਦਾ ਨਹੀਂ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਭਾਰਤ ਕਸ਼ਮੀਰ ਦੇ ਮੁੱਦੇ ’ਤੇ ਵਿਚੋਲਗੀ ਨੂੰ ਕਦੇ ਮਨਜ਼ੂਰ ਨਹੀਂ ਕਰੇਗਾ ਅਤੇ ਚਰਚਾ ਕਰਨ ਵਾਲਾ ਇਕੋ-ਇਕ ਮਾਮਲਾ ਇਹ ਹੈ ਕਿ ਪਾਕਿਸਤਾਨ ਉਸ ਖੇਤਰ ਨੂੰ ਵਾਪਸ ਕਰੇ ਜੋ ਉਸ ਦੇ ਨਾਜਾਇਜ਼ ਕਬਜ਼ੇ ਹੇਠ ਹੈ।
ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦੀ ਢਾਂਚੇ ’ਤੇ 7 ਮਈ ਦੇ ਹਮਲਿਆਂ ਤੋਂ ਬਾਅਦ ਭਾਰਤ ਦਾ ਰੁਖ ਇਹ ਸੀ ਕਿ ਜੇਕਰ ਪਾਕਿਸਤਾਨ ਗੋਲੀਬਾਰੀ ਕਰਦਾ ਹੈ ਤਾਂ ਭਾਰਤ ਹੋਰ ਜ਼ੋਰਦਾਰ ਜਵਾਬ ਦੇਵੇਗਾ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਨਵੀਂ ਦਿੱਲੀ ਨਾਲ ਸੰਪਰਕ ਕਰਨ ਵਾਲੇ ਦੇਸ਼ਾਂ ਨੂੰ ਕਿਹਾ ਸੀ ਕਿ ਉਹ ਪਾਕਿਸਤਾਨੀ ਖੇਤਰਾਂ ’ਚ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਏਗਾ। ਸੂਤਰਾਂ ਨੇ ਦਸਿਆ ਕਿ 7 ਮਈ ਦੇ ਹਮਲਿਆਂ ਤੋਂ ਬਾਅਦ ਪਾਕਿਸਤਾਨ ਦੀ ਹਰ ਕਾਰਵਾਈ ਨਾਲ ਸਖਤੀ ਨਾਲ ਨਜਿੱਠਿਆ ਗਿਆ।
‘ਉਧਰੋਂ ਗੋਲੀ ਚੱਲੇ ਤਾਂ ਇਧਰੋਂ ਗੋਲੇ ਨਾਲ ਜਵਾਬ ਦਿਤਾ ਜਾਵੇ’
ਆਪਰੇਸ਼ਨ ਸੰਧੂਰ ਮਗਰੋਂ ਪ੍ਰਧਾਨ ਮੰਤਰੀ ਨੇ ਫ਼ੌਜਾਂ ਨੂੰ ਹਰ ਪਾਕਿਸਤਾਨੀ ਕਾਰਵਾਈ ਦਾ ਵਧੇਰੇ ਜ਼ੋਰਦਾਰ ਜਵਾਬ ਦੇਣ ਲਈ ਕਿਹਾ ਸੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਥਿਆਰਬੰਦ ਬਲਾਂ ਨੂੰ ਹੁਕਮ ਦਿਤੇ ਹਨ ਕਿ ਪਾਕਿਸਤਾਨ ਦੀ ਹਰ ਕਾਰਵਾਈ ’ਤੇ ਦੇਸ਼ ਦੀ ਪ੍ਰਤੀਕਿਰਿਆ ਵਧੇਰੇ ਜ਼ੋਰਦਾਰ ਹੋਣੀ ਚਾਹੀਦੀ ਹੈ। ਸੂਤਰਾਂ ਨੇ ਦਸਿਆ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਹਥਿਆਰਬੰਦ ਬਲਾਂ ਨੂੰ ਕਿਹਾ ਸੀ ਕਿ ਪਾਕਿਸਤਾਨ ਵਾਲੇ ਪਾਸੇ ਤੋਂ ‘ਗੋਲੀਆਂ ਦਾ ਜਵਾਬ ਗੋਲਿਆਂ ਨਾਲ ਦਿਤਾ ਜਾਵੇ।’
ਸੂਤਰਾਂ ਨੇ ਕਿਹਾ, ‘‘ਆਪਰੇਸ਼ਨ ਸੰਧੂਰ ਖਤਮ ਨਹੀਂ ਹੋਇਆ ਹੈ ਅਤੇ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਪ੍ਰਤੀਕਿਰਿਆ ਬਦਲ ਗਈ ਹੈ। ਸਰਹੱਦ ਪਾਰ ਅਤਿਵਾਦ ਦੀ ਕੀਮਤ ਵਧੇਗੀ ਅਤੇ ਪਾਕਿਸਤਾਨ ਅਪਣੀ ਪਸੰਦ ਦੇ ਖੇਤਰਾਂ ’ਚ ਭਾਰਤ ਵਲੋਂ ਸਹਿਯੋਗ ਦੀ ਉਮੀਦ ਕਰਦੇ ਹੋਏ ਅਤਿਵਾਦ ਨੂੰ ਜਾਰੀ ਨਹੀਂ ਰੱਖ ਸਕਦਾ।’’
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸਨਿਚਰਵਾਰ ਸ਼ਾਮ ਨੂੰ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਚਾਰ ਦਿਨਾਂ ਦੇ ਸਰਹੱਦ ਪਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਜ਼ਮੀਨੀ, ਹਵਾਈ ਅਤੇ ਸਮੁੰਦਰ ’ਤੇ ਸਾਰੀਆਂ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਤੁਰਤ ਪ੍ਰਭਾਵ ਨਾਲ ਰੋਕਣ ਲਈ ਸਹਿਮਤ ਹੋਏ ਹਨ। ਇਸ ਘਟਨਾਕ੍ਰਮ ਦਾ ਐਲਾਨ ਸੱਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਸੀ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਦੇਸ਼ ਅਮਰੀਕੀ ਵਿਚੋਲਗੀ ਤੋਂ ਬਾਅਦ ‘ਪੂਰਨ ਅਤੇ ਤੁਰਤ ਜੰਗਬੰਦੀ’ ਲਈ ਸਹਿਮਤ ਹੋਏ ਹਨ।