ਪੂਰਬੀ ਲਦਾਖ਼ ਰੇੜਕਾ : ਭਾਰਤ, ਚੀਨ ਵਿਚਾਲੇ ਮੇਜਰ ਜਨਰਲ ਪੱਧਰ ਦੀ ਗੱਲਬਾਤ
ਪੈਂਗੋਂਗ ਸੋ ਅਤੇ ਪੂਰਬੀ ਲਦਾਖ਼ ਦੇ ਕਈ ਇਲਾਕਿਆਂ ਵਿਚ ਜਾਰੀ ਫ਼ੌਜੀ ਰੇੜਕੇ ਨੂੰ ਦੂਰ ਕਰਨ ਦੇ ਮੰਤਵ ਨਾਲ ਭਾਰਤ ਅਤੇ ਚੀਨ ਦੀਆਂ ਫ਼ੌਜਾਂ
ਨਵੀਂ ਦਿੱਲੀ, 10 ਜੂਨ : ਪੈਂਗੋਂਗ ਸੋ ਅਤੇ ਪੂਰਬੀ ਲਦਾਖ਼ ਦੇ ਕਈ ਇਲਾਕਿਆਂ ਵਿਚ ਜਾਰੀ ਫ਼ੌਜੀ ਰੇੜਕੇ ਨੂੰ ਦੂਰ ਕਰਨ ਦੇ ਮੰਤਵ ਨਾਲ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਬੁਧਵਾਰ ਨੂੰ ਮੇਜਰ ਜਨਰਲ ਪੱਧਰ ਦੀ ਗੱਲਬਾਤ ਹੋਈ। ਸੂਤਰਾਂ ਮੁਤਾਬਕ ਸਾਢੇ ਚਾਰ ਘੰਟੇ ਤੋਂ ਵੱਧ ਸਮੇਂ ਤਕ ਚੱਲੀ ਗੱਲਬਾਤ ਵਿਚ ਭਾਰਤੀ ਵਫ਼ਦ ਨੇ ਸਥਿਤੀ ਜਿਉਂ ਦੀ ਤਿਉਂ ਬਹਾਲ ਕਰਨ ਅਤੇ ਰੇੜਕੇ ਵਾਲੀਆਂ ਸਾਰੀਆਂ ਥਾਵਾਂ ’ਤੇ ਭਾਰੀ ਗਿਣਤੀ ਵਿਚ ਜਮ੍ਹਾਂ ਚੀਨੀ ਫ਼ੌਜੀਆਂ ਨੂੰ ਤੁਰਤ ਹਟਾਏ ਜਾਣ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਮੇਜਰ ਜਨਰਲ ਪੱਧਰ ਦੀ ਗੱਲਬਾਤ ਹਾਂਪੱਖੀ ਮਾਹੌਲ ਵਿਚ ਹੋਈ ਜਿਸ ਦਾ ਉਦੇਸ਼ ਦੋਹਾਂ ਧਿਰਾਂ ਵਿਚਾਲੇ ਤਣਾਅ ਘਟਾਉਣਾ ਹੈ।
ਰੇੜਕੇ ਨੂੰ ਸ਼ਾਂਤਮਈ ਢੰਗ ਨਾਲ ਖ਼ਤਮ ਕਰਨ ਲਈ ਦੋਹਾਂ ਫ਼ੌਜਾਂ ਨੇ ਗਲਵਾਨ ਘਾਟੀ ਅਤੇ ਹਾਟ ਸਪਰਿੰਗ ਦੇ ਕੁੱਝ ਇਲਾਕਿਆਂ ਵਿਚ ਸੀਮਤ ਗਿਣਤੀ ਵਿਚ ਆਪੋ ਅਪਣੇ ਫ਼ੌਜੀਆਂ ਨੂੰ ਪਿੱਛੇ ਹਟਾ ਲਿਆ ਜਿਸ ਦੇ ਇਕ ਦਿਨ ਬਾਅਦ ਇਹ ਗੱਲਅਬਾਤ ਹੋਈ ਹੈ। ਫ਼ਿਲਹਾਲ, ਦੋਵੇਂ ਧਿਰਾਂ ਸੋ, ਦੌਲਤ ਬੇਗ਼ ਓਲਡੀ ਅਤੇ ਡੇਮਚੋਕ ਜਿਹੇ ਕੁੱਝ ਇਲਾਕਿਆਂ ਵਿਚ ਹੁਣ ਵੀ ਆਹਮੋ-ਸਾਹਮਣੇ ਹਨ।
ਫ਼ੌਜੀ ਸੂਤਰਾਂ ਨੇ ਦਸਿਆ ਕਿ ਦੋਵੇਂ ਫ਼ੌਜਾਂ ਗਲਵਾਨ ਘਾਟੀ ਦੇ ਗਸ਼ਤੀ ਪੁਆਇੰਟ 14 ਅਤੇ 15 ਤੇ ਹਾਟ ਸਪਰਿੰਗ ਇਲਾਕੇ ਵਿਚ ਪਿੱਛੇ ਹਟੀਆਂ ਹਨ। ਉਨ੍ਹਾਂ ਕਿਹਾ ਕਿ ਚੀਨੀ ਧਿਰ ਦੋਹਾਂ ਇਲਾਕਿਆਂ ਵਿਚ ਡੇਢ ਕਿਲੋਮੀਟਰ ਤਕ ਪਿੱਛੇ ਚਲੀ ਗਈ ਹੈ। ਪੈਂਗੋਂਗ ਸੋ ਵਿਚ ਪੰਜ ਮਈ ਨੂੰ ਹਿੰਸਕ ਸੰਘਰਸ਼ ਮਗਰੋਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹਨ। ਰੇੜਕੇ ਨੂੰ ਖ਼ਤਮ ਕਰਨ ਲਈ ਪਹਿਲੇ ਗੰਭੀਰ ਯਤਨ ਤਹਿਤ ਲੇਹ ਵਿਖੇ 14 ਕੋਰ ਦੇ ਜਨਰਲ ਆਫ਼ੀਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਤਿੱਬਤ ਫ਼ੌਜੀ ਜ਼ਿਲ੍ਹੇ ਡਿਸਟਰਿਕਟ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਵਿਚਾਲੇ ਛੇ ਜੂਨ ਨੂੰ ਵਿਸਥਾਰਤ ਗੱਲਬਾਤ ਹੋਈ ਸੀ। (ਏਜੰਸੀ)