ਗੰਗੋਤਰੀ, ਯਮੁਨੋਤਰੀ ਮੰਦਰ ਵਿਚ ਸ਼ਰਧਾਲੂਆਂ ਦਾ ਦਾਖ਼ਲਾ ਨਹੀਂ : ਪੁਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਦੇ ਉਤਰਾਕਾਸ਼ੀ ਜ਼ਿਲ੍ਹੇ ਵਿਚ ਪੈਂਦੇ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਪੁਜਾਰੀਆਂ ਨੇ ਮੰਦਰਾਂ ਵਿਚ ਸਥਾਨਕ ਸ਼ਰਧਾਲੂਆਂ ਨੂੰ

Gangotri, Yamunotri temples

ਉਤਰਾਕਾਸ਼ੀ, 10 ਜੂਨ : ਉਤਰਾਖੰਡ ਦੇ ਉਤਰਾਕਾਸ਼ੀ ਜ਼ਿਲ੍ਹੇ ਵਿਚ ਪੈਂਦੇ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਪੁਜਾਰੀਆਂ ਨੇ ਮੰਦਰਾਂ ਵਿਚ ਸਥਾਨਕ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਆਗਿਆ ਦਿਤੇ ਜਾਣ ਦੇ ਚਾਰਧਾਮ ਦੇਵਸਥਾਨ ਪ੍ਰਬੰਧਕੀ ਬੋਰਡ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਮੁਕੰਮਲ ਰੂਪ ਵਿਚ ਖ਼ਤਮ ਹੋਣ ਤਕ ਕਿਸੇ ਵੀ ਸ਼ਰਧਾਲੂ ਨੂੰ ਮੰਦਰ ਵਿਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ। 

ਮੰਦਰ ਕਮੇਟੀ ਦੇ ਸਕੱਤਰ ਮਨਮੋਹਨ ਉਨਿਆਲ ਨੇ ਕਿਹਾ, ‘ਪੁਜਾਰੀ ਬੋਰਡ ਦੇ ਹੁਕਮ ਨੂੰ ਨਹੀਂ ਮੰਨਣਗੇ। ਜਦ ਤਕ ਸੂਬੇ ਵਿਚ ਇਹ ਮਾਰੂ ਬੀਮਾਰੀ ਖ਼ਤਮ ਨਹੀਂ ਹੋ ਜਾਂਦੀ, ਤਦ ਤਕ ਕਿਸੇ ਵੀ ਸ਼ਰਧਾਲੂ ਨੂੰ ਮੰਦਰ ਵਿਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ।’ ਦੂਜੇ ਪਾਸੇ, ਗੰਗੋਤਰੀ ਮੰਦਰ ਕਮੇਟੀ ਦੇ ਤੀਰਥ ਪੁਜਾਰੀ ਵੀ ਬੋਰਡ ਦੇ ਹੁਕਮ ਦਾ ਵਿਰੋਧ ਕਰ ਰਹੇ ਹਨ। ਉਤਰਾਕਾਸ਼ੀ ਦੇ ਜ਼ਿਲ੍ਹਾ ਅਧਿਕਾਰੀ ਡਾ. ਆਸ਼ੀਸ਼ ਚੌਹਾਨ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੂੰ ਮੰਦਰ ਵਿਚ ਦਾਖ਼ਲ ਹੋਣ ਦੀ ਆਗਿਆ ਦੇਣ ਦੇ ਫ਼ੈਸਲੇ ਦਾ ਉਹ ਸਖ਼ਤ ਵਿਰੋਧ ਕਰਦੇ ਹਨ।’ 

ਉਨ੍ਹਾਂ ਕਿਹਾ ਕਿ ਉਂਜ ਵੀ ਮੰਦਰ ਕਮੇਟੀ ਨੇ ਬੋਰਡ ਵਿਰੁਧ ਉਤਰਾਖੰਡ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ ਜਿਸ ਕਾਰਨ ਬੋਰਡ ਕੋਲ ਅਜਿਹਾ ਹੁਕਮ ਜਾਰੀ ਕਰਨ ਦਾ ਅਧਿਕਾਰ ਹੀ ਨਹੀਂ। ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀਨਾਥ ਰਮਨ ਨੇ ਹੁਕਮ ਜਾਰੀ ਕਰ ਕੇ ਸ਼ਰਧਾਲੂਆਂ ਨੂੰ ਮੰਦਰ ਵਿਚ ਦਾਖ਼ਲ ਹੋਣ ਦੀ ਆਗਿਆ ਦੇ ਦਿਤੀ ਸੀ। ਹੁਕਮ ਮੁਤਾਬਕ ਸਥਾਨਕ ਸ਼ਰਧਾਲੂ ਦਰਸ਼ਨ ਕਰ ਸਕਣਗੇ ਜਦਕਿ ਜ਼ਿਲਿ੍ਹਆਂ ਦੇ ਬਾਹਰਲੇ ਸ਼ਰਧਾਲੂਆਂ ਲਈ ਮੰਦਰ ਵਿਚ ਦਾਖ਼ਲ ਹੋਣ ਦੀ ਮਨਾਹੀ ਹੈ।            (ਏਜੰਸੀ)