ਰਾਜਸਥਾਨ ਸਰਕਾਰ ਵਲੋਂ ਯੂ.ਪੀ., ਪੰਜਾਬ ਤੇ ਹਰਿਆਣਾ ਨਾਲ ਲਗਦੀਆਂ ਸਰਹੱਦਾਂ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ 'ਚ ਤੇਜ਼ੀ ਵਾਧੇ ਦੌਰਾਨ ਰਾਜਸਥਾਨ ਸਰਕਾਰ ਨੇ ਸੂਬੇ ਦੀ ਅੰਤਰਰਾਜੀ ਸਰਹੱਦਾਂ ਸੀਲ ਕਰ ਦਿਤੀਆਂ ਹਨ।

File Photo

ਜੈਪੁਰ, 10 ਜੂਨ: ਦੇਸ਼ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ 'ਚ ਤੇਜ਼ੀ ਵਾਧੇ ਦੌਰਾਨ ਰਾਜਸਥਾਨ ਸਰਕਾਰ ਨੇ ਸੂਬੇ ਦੀ ਅੰਤਰਰਾਜੀ ਸਰਹੱਦਾਂ ਸੀਲ ਕਰ ਦਿਤੀਆਂ ਹਨ। ਹੁਣ ਕੋਈ ਵੀ ਬਿਨਾਂ ਮਨਜ਼ੂਰੀ ਦੇ ਸੂਬੇ 'ਚ ਪ੍ਰਵੇਸ਼ ਨਹੀਂ ਕਰ ਸਕੇਗਾ। ਜ਼ਿਕਰਯੋਗ ਹੈ ਕਿ ਰਾਜਸਥਾਨ ਦੀ ਅੰਤਰਰਾਜੀ ਸਰਹੱਦਾਂ ਪੰਜ ਸੂਬਿਆਂ ਨਾਲ ਲਗਦੀਆਂ ਹਨ, ਜਿਨ੍ਹਾਂ 'ਚ ਉੱਤਰ 'ਚ ਪੰਜਾਬ, ਉੱਤਰ-ਪੂਰਬ 'ਚ ਹਰਿਆਣਾ, ਪੂਰਬ 'ਚ ਉੱਤਰ ਪ੍ਰਦੇਸ਼, ਦਖਣ-ਪੂਰਬ 'ਚ ਮੱਧ ਪ੍ਰਦੇਸ਼ ਤੇ ਦਖਣ 'ਚ ਗੁਜਰਾਤ ਹੈ। ਹੁਣ ਅਧਿਕਾਰਤ ਅਧਿਕਾਰੀ ਦੀ ਇਜਾਜ਼ਤ ਨਾਲ ਹੀ ਵਾਹਨਾਂ ਦੀ ਆਵਾਜਾਈ ਹੋ ਸਕੇਗੀ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਮੁਤਾਬਕ ਬੀਤੇ ਦਿਨਾਂ 'ਚ ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਗਈ ਹੈ। ਦੇਸ਼ 'ਚ ਬੀਤੇ ਦਿਨਾਂ 'ਚ ਹਜ਼ਾਰਾਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਹੋਰ ਸੂਬਿਆਂ ਤੋਂ ਭਾਰੀ ਗਿਣਤੀ 'ਚ ਬਿਨਾਂ ਮਨਜ਼ੂਰੀ ਦੇ ਲੋਕਾਂ ਦੇ ਦਾਖ਼ਲੇ ਦੀਆਂ ਸੰਭਾਨਵਾਂ ਨੂੰ ਮੱਦੇਨਜ਼ਰ ਸਰਹੱਦਾਂ ਸੀਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰਾਜਸਥਾਨ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 11368 ਹੋ ਗਈ ਹੈ।

ਰਾਜਸਥਾਨ 'ਚ ਇਕ ਜੂਨ ਨੂੰ ਅਨਲਾਕ ਇਕ ਤੋਂ ਬਾਅਦ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਗਏ ਹਨ। ਹਰ ਰੋਜ਼ ਔਸਤਨ ਦੋ ਸੌ ਤੋਂ ਢਾਈ ਸੌ ਕੇਸ ਆ ਰਹੇ ਹਨ। ਮੰਗਲਵਾਰ ਨੂੰ ਇਹ ਅੰਕੜਾ ਵੱਧ ਕੇ 369 ਤਕ ਪਹੁੰਚ ਗਿਆ ਜੋ ਕਿ ਦਿਨ 'ਚ ਹੁਣ ਤਕ ਦਾ ਸੱਭ ਤੋਂ ਵੱਡਾ ਅੰਕੜਾ ਹੈ। ਬੁਧਵਾਰ ਨੂੰ ਵੀ ਸਵੇਰੇ 10:30 ਵਜੇ ਤਕ 123 ਕੇਸ ਸਾਹਮਣੇ ਆ ਚੁੱਕੇ ਹਨ। ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਤੇ ਹੁਣ ਤਕ 256 ਮੌਤਾਂ ਹੋ ਗਈਆਂ ਹਨ।  (ਏਜੰਸੀ)