ਇਹ ਸਮਾਂ ਬਹਿਸ ਦਾ ਨਹੀਂ, ਉਪ ਰਾਜਪਾਲ ਦਾ ਫ਼ੈਸਲਾ ਲਾਗੂ ਹੋਵੇਗਾ : ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਕੇਂਦਰ ਦੇ ਫ਼ੈਸਲੇ’ ਅਤੇ ਉਪ ਰਾਜਪਾਲ ਅਨਿਲ ਬੈਜਲ ਦੇ

Kejriwal

ਨਵੀਂ ਦਿੱਲੀ, 10 ਜੂਨ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਕੇਂਦਰ ਦੇ ਫ਼ੈਸਲੇ’ ਅਤੇ ਉਪ ਰਾਜਪਾਲ ਅਨਿਲ ਬੈਜਲ ਦੇ ਦਿੱਲੀ ਵਿਚ ਸਰਕਾਰੀ ਅਤੇ ਨਿਜੀ ਹਸਪਤਾਲਾਂ ਨੂੰ ਸਿਰਫ਼ ਦਿੱਲੀ ਦੇ ਲੋਕਾਂ ਲਈ ਰਾਖਵਾਂ ਨਾ ਹੋਣ ਦੇ ਹੁਕਮ ਨੂੰ ਲਾਗੂ ਕਰੇਗੀ ਕਿਉਂਕਿ ਇਹ ਸਮਾਂ ਅਸਹਿਮਤੀ ਅਤੇ ਬਹਿਸ ਦਾ ਨਹੀਂ। ਇਸ ਦੌਰਾਨ ਅੱਜ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਰਾਜਧਾਨੀ ਦਿੱਲੀ ’ਚ ਕੋਰੋਨਾ ਵਾਇਰਸ ਦੇ ਹਾਲਾਤ ਬਾਰੇ ਗੱਲਬਾਤ ਕੀਤੀ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਹਰ ਮਦਦ ਦੇਣ ਦਾ ਭਰੋਸਾ ਦਿਤਾ ਹੈ।

ਇਸ ਤੋਂ ਪਹਿਲਾਂ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਹਮਣੇ ਅਣਚਿਤਵੀਆਂ ਚੁਨੌਤੀਆਂ ਹਨ ਕਿਉਂਕਿ ਅੰਕੜੇ ਵਿਖਾ ਰਹੇ ਹਨ ਕਿ ਦਿੱਲੀ ਵਿਚ ਆਉਣ ਵਾਲੇ ਦਿਨਾਂ ਵਿਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧਣਗੇ। ਕੇਜਰੀਵਾਲ ਨੇ ਕਿਹਾ ਕਿ ਹੋਰ ਰਾਜਾਂ ਤੋਂ ਜਿਵੇਂ ਹੀ ਲੋਕ ਇਲਾਜ ਲਈ ਦਿੱਲੀ ਆਉਣ ਲਗਣਗੇ, ਦਿੱਲੀ ਨੂੰ 31 ਜੁਲਾਈ ਤਕ 1.5 ਲੱਖ ਬਿਸਤਰਿਆਂ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸਾਰਿਆਂ ਨੂੰ ਇਲਾਜ ਮੁਹਈਆ ਕਰਾਉਣ ਲਈ ‘ਈਮਾਨਦਾਰ ਯਤਨ’ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਅਨੁਮਾਨ ਹੈ ਕਿ 1.5 ਲੱਖ ਬਿਸਤਰਿਆਂ ਵਿਚੋਂ  80 ਹਜ਼ਾਰ ਬਿਸਤਰਿਆਂ ਦੀ ਲੋੜ ਦਿੱਲੀ ਦੇ ਲੋਕਾਂ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਗਿਣਤੀ ਇਸ ’ਤੇ ਆਧਾਰਤ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਇਥੋਂ ਦੇ ਹਸਪਤਾਲਾਂ ਵਿਚ 50 ਫ਼ੀ ਸਦੀ ਬਿਸਤਰੇ ਦੂਜੇ ਰਾਜਾਂ ਦੇ ਮਰੀਜ਼ਾਂ ਨਾਲ ਭਰੇ ਸਨ। ਕੇਜਰੀਵਾਲ ਨੇ ਕਿਹਾ ਕਿ ਕੁੱਝ ਲੋਕ ਟੀਵੀ ਚੈਨਲਾਂ ’ਤੇ ਕਹਿ ਰਹੇ ਹਨ ਕਿ ਕੇਂਦਰ ਅਤੇ ਉਪ ਰਾਜਪਾਲ ਕੋਲ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਫ਼ੈਸਲੇ ਨੂੰ ਪਲਟਣ ਦਾ ਅਧਿਕਾਰ ਨਹੀਂ ਹੈ ਜੋ ਭਾਰੀ ਬਹੁਮਤ ਨਾਲ ਜਿੱਤ ਕੇ ਆਈ ਹੈ।

ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਦੇ ਫ਼ੈਸਲੇ ਨੂੰ ਅਤੇ ਉਪ ਰਾਜਪਾਲ ਦੇ ਹੁਕਮ ਨੂੰ ਪੂਰੀ ਭਾਵਨਾ ਨਾਲ ਲਾਗੂ ਕਰਾਂਗੇ ਕਿਉਂਕਿ ਇਹ ਸਮਾਂ ਅਸਹਿਮਤੀ ਅਤੇ ਬਹਿਸ ਦਾ ਨਹੀਂ ਜੋ ਭਾਰੀ ਬਹੁਮਤ ਨਾਲ ਜਿੱਤੇ ਕੇ ਆਈ ਹੈ।                      (ਏਜੰਸੀ) 
ਕੋਰੋਨਾ ਵਾਇਰਸ ਦੇ ਹਾਲਾਤ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ