ਵਿਆਹ ਪੱਕਾ ਕਰਕੇ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਖੱਡ 'ਚ ਡਿੱਗੀ ਕਾਰ, 8 ਲੋਕਾਂ ਦੀ ਗਈ ਜਾਨ
ਦੋ ਲੋਕ ਗੰਭੀਰ ਜ਼ਖਮੀ
ਪਟਨਾ: ਬਿਹਾਰ ਦੇ ਪੂਰਨੀਆ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਕਾਰਪੀਓ ਗੱਡੀ ਪਾਣੀ ਨਾਲ ਭਰੇ ਟੋਏ ਵਿੱਚ ਡਿੱਗ ਗਈ। ਇਸ ਹਾਦਸੇ 'ਚ ਕਾਰ 'ਚ ਸਵਾਰ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਲੋਕ ਜ਼ਖਮੀ ਹੋਏ ਹਨ। ਘਟਨਾ ਬਿਆਸੀ ਇਲਾਕੇ ਦੇ ਪਿੰਡ ਅਨਗੜ੍ਹ ਦੀ ਹੈ। ਹਾਦਸਾ ਦੇਰ ਰਾਤ ਕਰੀਬ 2 ਵਜੇ ਵਾਪਰਿਆ।
ਐਸਡੀਓ ਕੁਮਾਰੀ ਤੌਸੀ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਵਿਆਹ ਦਾ ਰਿਸ਼ਤਾ ਤੈਅ ਕਰਕੇ ਖਾਪੜਾ ਤਾਰਾਬਾੜੀ ਤੋਂ ਵਾਪਸ ਕਿਸ਼ਨਗੰਜ ਜ਼ਿਲ੍ਹੇ ਦੇ ਨੂਨੀਆ ਪਿੰਡ ਜਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਅਚਾਨਕ ਲੋਕਾਂ ਨਾਲ ਭਰੀ ਸਕਾਰਪੀਓ ਗੱਡੀ ਟੋਏ ਵਿੱਚ ਜਾ ਡਿੱਗੀ, ਜਿਸ ਵਿੱਚੋਂ ਹੁਣ ਤੱਕ 8 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਜਦਕਿ ਇਸ ਹਾਦਸੇ 'ਚ ਦੋ ਲੋਕ ਜ਼ਖਮੀ ਹੋ ਗਏ ਹਨ।
ਪੁਲਿਸ ਅਤੇ ਰਾਹਤ ਅਤੇ ਬਚਾਅ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਚਲਾਇਆ। ਜ਼ਖਮੀਆਂ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਜਦਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਸਾਰੇ ਮ੍ਰਿਤਕ ਕਿਸ਼ਨਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਹਨ।