ਛੱਤੀਸਗੜ੍ਹ 'ਚ 80 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 10 ਸਾਲਾ ਮਾਸੂਮ
ਸੀਸੀਟੀਵੀ ਰਾਹੀਂ ਕੀਤੀ ਜਾ ਰਹੀ ਹੈ ਨਿਗਰਾਨੀ
ਜਾਜਗੀਰ-ਚਾਪਾ: ਛੱਤੀਸਗੜ੍ਹ ਦੇ ਜ਼ਿਲਾ ਜਾਜਗੀਰ-ਚਾਪਾ ਦੇ ਮਲਖਰੌਦਾ ਇਲਾਕੇ ਦੇ ਪਿਹਾਰੀਦ ਪਿੰਡ 'ਚ 10 ਸਾਲਾ ਰਾਹੁਲ ਬੋਰਵੈੱਲ 'ਚ ਡਿੱਗ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਐਨਡੀਆਰਐਫ ਅਤੇ ਐਸਡੀਆਰਐਫ ਸਮੇਤ ਸਿਹਤ ਵਿਭਾਗ ਦੀ ਟੀਮ, ਜ਼ਿਲ੍ਹਾ ਪ੍ਰਸ਼ਾਸਨ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬੀਤੀ ਸ਼ਾਮ ਤੋਂ ਲਗਾਤਾਰ ਯਤਨ ਕਰ ਰਿਹਾ ਹੈ।
ਬੋਰਵੈੱਲ 'ਚ ਫਸੇ ਰਾਹੁਲ ਸਾਹੂ ਨੂੰ ਕੱਢਣ ਲਈ ਬੋਰਵੈੱਲ ਤੋਂ ਕੁਝ ਦੂਰੀ 'ਤੇ ਟੋਆ ਪੁੱਟਿਆ ਜਾ ਰਿਹਾ ਹੈ। ਹੁਣ ਤੱਕ NDRF ਦੀ ਟੀਮ ਦੀ ਨਿਗਰਾਨੀ 'ਚ ਕਰੀਬ 45 ਫੁੱਟ ਟੋਆ ਪੁੱਟਿਆ ਜਾ ਚੁੱਕਾ ਹੈ। ਬੱਚੇ ਨੂੰ ਬਾਹਰ ਕੱਢਣ ਲਈ ਕਰੀਬ 20 ਫੁੱਟ ਹੋਰ ਟੋਆ ਪੁੱਟਿਆ ਜਾਵੇਗਾ। ਜਿਸ ਤੋਂ ਬਾਅਦ ਬੱਚੇ ਨੂੰ ਸੁਰੰਗ ਬਣਾ ਕੇ ਬੋਰਵੈੱਲ ਤੋਂ ਬਾਹਰ ਕੱਢਿਆ ਜਾਵੇਗਾ।
ਦੱਸ ਦੇਈਏ ਕਿ ਸਿਹਤ ਵਿਭਾਗ ਦੀ ਟੀਮ ਬੱਚੇ ਦੀ ਹਰਕਤ 'ਤੇ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਆਕਸੀਜਨ ਸਿਲੰਡਰ ਦੀ ਮਦਦ ਨਾਲ ਬੱਚੇ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ। ਰਾਹੁਲ ਦੇ ਮਾਤਾ-ਪਿਤਾ ਅਤੇ ਪਰਿਵਾਰ ਲਗਾਤਾਰ ਰਾਹੁਲ ਨਾਲ ਗੱਲ ਕਰ ਰਹੇ ਹਨ ਅਤੇ ਰਾਹੁਲ ਦਾ ਹੌਂਸਲਾ ਵਧਾ ਰਹੇ ਹਨ।
ਦਰਅਸਲ ਰਾਹੁਲ ਸਾਹੂ ਸ਼ੁੱਕਰਵਾਰ ਦੁਪਹਿਰ ਘਰ ਦੇ ਬਾਹਰ ਖੇਡ ਰਿਹਾ ਸੀ। ਖੇਡਦਾ-ਖੇਡਦਾ ਉਹ ਪੁੱਟੇ ਬੋਰ ਦੇ ਨੇੜੇ ਪਹੁੰਚ ਗਿਆ ਅਤੇ ਉਸ ਵਿੱਚ ਡਿੱਗ ਗਿਆ। ਇਹ ਘਟਨਾ ਸ਼ਾਮ 4 ਵਜੇ ਵਾਪਰੀ।