ਦੇਸ਼ ’ਚ 45 ਲੱਖ ਤੋਂ ਵੱਧ ਪਰਿਵਾਰਾਂ ਕੋਲ ਦੋ ਰਾਸ਼ਨ ਕਾਰਡ, One Nation One Ration Card ਯੋਜਨਾ ਤਹਿਤ ਖੰਗਾਲੇ ਗਏ ਰਿਕਾਰਡ 

ਏਜੰਸੀ

ਖ਼ਬਰਾਂ, ਰਾਸ਼ਟਰੀ

- 30 ਜੂਨ ਤੱਕ ਅਧਾਰ ਕੇਵਾਈਸੀ ਕਰਵਾਉਣ ਦੀਆਂ ਹਦਾਇਤਾਂ ਜਾਰੀ

One Nation One Ration Card

ਨਵੀਂ ਦਿੱਲੀ  : ਦੇਸ਼ ’ਚ 45 ਲੱਖ ਤੋਂ ਵੱਧ ਪਰਿਵਾਰਾਂ ਕੋਲ ਦੋ ਰਾਸ਼ਨ ਕਾਰਡ ਹਨ। ਇਨ੍ਹਾਂ ’ਚ ਇਕੱਲੇ ਛਤੀਸਗੜ੍ਹ ’ਚ ਦੋ ਲੱਖ ਤੋਂ ਵੱਧ ਰਾਸ਼ਨ ਕਾਰਡਧਾਰਕ ਸ਼ਾਮਲ ਹਨ। ਇਹ ਜਾਣਕਾਰੀ ਕੇਂਦਰ ਸਰਕਾਰ ਦੀ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਲਾਗੂ ਕਰਨ ਕਾਰਨ ਸਾਹਮਣੇ ਆਈ ਹੈ। ਦੇਸ਼ ’ਚ ਹੁਣ ਤਕ 4580187 ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਨਾਂ 'ਤੇ ਦੋ ਰਾਸ਼ਨ ਕਾਰਡ ਰਜਿਸਟਰਡ ਹਨ। ਜਿਨ੍ਹਾਂ ਦੇ ਦੋ ਰਾਸ਼ਨ ਕਾਰਡ ਮਿਲੇ ਹਨ, ਉਨ੍ਹਾਂ ’ਚ ਵਧੇਰੇ ਅਜਿਹੇ ਹਨ, ਜੋ ਰੋਜ਼ਗਾਰ ਦੀ ਭਾਲ ’ਚ ਪਿੰਡ ਤੋਂ ਸ਼ਹਿਰ ਜਾਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਚਲੇ ਗਏ ਹਨ।

ਇਨ੍ਹਾਂ ਲੋਕਾਂ ਨੇ ਪਹਿਲਾਂ ਅਪਣਾ ਪੁਰਾਣਾ ਰਾਸ਼ਨ ਕਾਰਡ ਰੱਦ ਨਹੀਂ ਕਰਵਾਇਆ ਤੇ ਨਵੀਂ ਥਾਂ ਨਵਾਂ ਕਾਰਡ ਬਣਵਾ ਲਿਆ। ਆਧਾਰ ਪ੍ਰਮਾਣੀਕਰਨ ਤੋਂ ਬਾਅਦ ਜਿਨ੍ਹਾਂ ਕੋਲ ਦੋ ਰਾਸ਼ਨ ਕਾਰਡ ਹਨ, ਪ੍ਰਸ਼ਾਸਨ ਉਨ੍ਹਾਂ ਪਰਿਵਾਰਾਂ ਤੋਂ ਪੁੱਛ-ਗਿੱਛ ਕਰ ਰਿਹਾ ਹੈ ਕਿ ਉਹ ਕਿਹੜਾ ਰਾਸ਼ਨ ਕਾਰਡ ਅੱਗੇ ਚਲਾਉਣਾ ਚਾਹੁੰਦੇ ਹਨ। ਦੂਜੇ ਰਾਸ਼ਨ ਕਾਰਡ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ 30 ਜੂਨ ਤਕ ਕਾਰਡ ਦੇ ਸਾਰੇ ਮੈਂਬਰਾਂ ਨੂੰ ਆਧਾਰ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ।

ਛੱਤੀਸਗੜ੍ਹ ਖੁਰਾਕ ਸਿਵਲ ਸਪਲਾਈ ਵਿਭਾਗ ਦੇ ਸੰਚਾਲਕ ਜਤਿੰਦਰ ਸ਼ੁਕਲਾ ਨੇ ਦੱਸਿਆ ਕਿ ਹਰ ਪਰਿਵਾਰ ਦੇ ਇਕ-ਇਕ ਮੈਂਬਰ ਦਾ ਆਧਾਰ ਪ੍ਰਮਾਣਿਕਤਾ ਲਾਜ਼ਮੀ ਕੀਤੀ ਗਈ ਹੈ, ਨਹੀਂ ਤਾਂ ਖਪਤਕਾਰ ਰਾਸ਼ਨ ਲਈ ਯੋਗ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੀਆਂ ਰਾਸ਼ਨ ਦੀਆਂ ਦੁਕਾਨਾਂ ਤੇ ਕਾਰਡਧਾਰਕਾਂ ਨੂੰ ਐੱਨਆਈਸੀ (ਨੈਸ਼ਨਲ ਇਨਫਾਰਮੇਸ਼ਨ ਸੈਂਟਰ) ਸਰਵਰ ਨਾਲ ਜੋੜ ਦਿੱਤਾ ਹੈ। ਇਸ ਦੇ ਨਾਲ ਹੀ ਆਧਾਰ ਪ੍ਰਮਾਣਿਕਤਾ ਕਰਨ ਦੀ ਪ੍ਰਕਿਰਿਆ ਕਰਨ ਤੋਂ ਬਾਅਦ ਦੋ-ਦੋ ਰਾਸ਼ਨ ਕਾਰਡਾਂ ਦਾ ਰਿਕਾਰਡ ਖੰਗਾਲਿਆ ਹੈ। 

ਵੱਡੇ ਸੂਬਿਆਂ ’ਚ ਦੋ ਰਾਸ਼ਨ ਕਾਰਡਾਂ ਦਾ ਰਿਕਾਰਡ
ਸੂਬਾ   ਗਿਣਤੀ

ਛੱਤੀਸਗੜ੍ਹ 2,08,603
ਉੱਤਰ ਪ੍ਰਦੇਸ਼ 4,96,198
ਮੱਧ ਪ੍ਰਦੇਸ਼ 2,92,185
ਮਹਾਰਾਸ਼ਟਰ 2,36, 318
ਓਡੀਸ਼ਾ 2,01,560
ਗੁਜਰਾਤ 1,53,459
ਦਿੱਲੀ  3,36,906
(ਸਰੋਤ : ਕੇਂਦਰੀ ਖ਼ੁਰਾਕ ਤੇ ਸਿਵਲ ਸਪਲਾਈ ਮੰਤਰਾਲੇ ਦੀ ਵੈੱਬਸਾਈਟ)