ਓਡੀਸ਼ਾ ਰੇਲ ਹਾਦਸਾ: ਸਾਬਕਾ ਅਫਸਰਾਂ, ਜੱਜਾਂ ਨੇ PM ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਗੈਰਕਾਨੂੰਨੀ ਘੁਸਪੈਠੀਆਂ ਨੂੰ ਪਟੜੀ ਤੋਂ ਹਟਾਇਆ ਜਾਵੇ

Odisha train collision

ਨਵੀਂ ਦਿੱਲੀ - ਸੇਵਾਮੁਕਤ ਜੱਜਾਂ, ਨੌਕਰਸ਼ਾਹਾਂ, ਫੌਜੀ ਅਧਿਕਾਰੀਆਂ ਅਤੇ ਸਿਵਲ ਸੁਸਾਇਟੀ ਦੇ ਹੋਰ ਮੈਂਬਰਾਂ ਨੇ ਸ਼ਨੀਵਾਰ ਨੂੰ ਓਡੀਸ਼ਾ ਰੇਲ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਸਿਵਲ ਸੁਸਾਇਟੀ ਦੇ ਇਨ੍ਹਾਂ ਮੈਂਬਰਾਂ ਨੇ ਪੀਐਮ ਮੋਦੀ ਤੋਂ ਮੰਗ ਕੀਤੀ ਹੈ ਕਿ ਰੇਲਵੇ ਟਰੈਕ ਦੇ ਆਲੇ-ਦੁਆਲੇ ਨਾਜਾਇਜ਼ ਉਸਾਰੀਆਂ, ਨਾਜਾਇਜ਼ ਘੁਸਪੈਠੀਆਂ ਨੂੰ ਹਟਾਇਆ ਜਾਵੇ ਅਤੇ ਰੇਲਵੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। 

ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ "ਖਤਰੇ ਵਿਚ ਪਾਉਣ" ਦੀਆਂ ਕੋਸ਼ਿਸ਼ਾਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕੁੱਲ 270 ਲੋਕਾਂ ਨੇ ਪੱਤਰ 'ਤੇ ਦਸਤਖ਼ਤ ਕੀਤੇ ਹਨ। 
ਚਿੱਠੀ 'ਚ ਲਿਖਿਆ ਗਿਆ ਹੈ ਕਿ ਓਡੀਸ਼ਾ ਦੇ ਬਾਲਾਸੋਰ 'ਚ ਹੋਏ ਭਿਆਨਕ ਹਾਦਸੇ ਤੋਂ ਅਸੀਂ ਬੇਹੱਦ ਦੁਖੀ ਹਾਂ, ਜਿਸ ਨਾਲ ਸਾਡਾ ਤੇਜ਼ੀ ਨਾਲ ਵਧ ਰਿਹਾ ਆਧੁਨਿਕ ਰੇਲਵੇ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਮਾਮਲੇ ਦੀ ਜਾਂਚ ਜਾਰੀ ਹੈ ਪਰ ਮੁੱਢਲੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਮਨੁੱਖੀ ਦਖਲਅੰਦਾਜ਼ੀ ਕਾਰਨ ਹੋਇਆ ਹੈ। 

ਜੋ ਕਿ ਅੱਤਵਾਦੀ ਸੰਗਠਨਾਂ ਦੇ ਇਸ਼ਾਰੇ 'ਤੇ ਸਾਜ਼ਿਸ਼ ਦਾ ਸਪੱਸ਼ਟ ਮਾਮਲਾ ਜਾਪਦਾ ਹੈ।'' ਪੱਤਰ 'ਚ ਕਿਹਾ ਗਿਆ ਹੈ ਕਿ ਕੁਝ ਹਸਤਾਖ਼ਰਕਰਤਾਵਾਂ ਨੇ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ 'ਚ ਕੰਮ ਕੀਤਾ ਹੈ, ਜਿੱਥੇ ਉਹ ਰੇਲਵੇ ਦੇ ਸੁਚਾਰੂ ਕੰਮਕਾਜ 'ਚ ਵਿਘਨ ਪਾਉਣ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਪੱਤਰ ਵਿਚ ਕਿਹਾ ਗਿਆ ਹੈ ਕਿ "ਜੰਮੂ ਅਤੇ ਕਸ਼ਮੀਰ ਨੇ 1990 ਅਤੇ 2000 ਦੇ ਦਹਾਕੇ ਦੇ ਸ਼ੁਰੂ ਵਿਚ ਪਠਾਨਕੋਟ ਤੋਂ ਜੰਮੂ ਤੱਕ ਰੇਲਵੇ ਲਾਈਨ 'ਤੇ ਕਈ ਹਮਲੇ ਦੇਖੇ, ਜਿੱਥੇ ਪਟੜੀਆਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਗਿਆ ਸੀ।" ਇਸ ਵਿਚ ਸਾਬਕਾ ਨਿਰਦੇਸ਼ਕ ਵੀ ਸ਼ਾਮਲ ਹਨ। 

ਉਨ੍ਹਾਂ ਰੇਲ ਹਾਦਸੇ ਪਿੱਛੇ ਕਿਸੇ ਵੱਡੀ ਅੱਤਵਾਦੀ ਸਾਜ਼ਿਸ਼ ਦਾ ਖਦਸ਼ਾ ਪ੍ਰਗਟਾਉਂਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਭਰ ਵਿਚ ਫੈਲੇ ਰੇਲਵੇ ਟਰੈਕਾਂ ਦੀ ਸੁਰੱਖਿਆ ਲਈ ਰੇਲਵੇ ਪਟੜੀਆਂ ਦੇ ਕਿਨਾਰੇ ਵਸੇ ਨਾਜਾਇਜ਼ ਘੁਸਪੈਠੀਆਂ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ। ਉਨ੍ਹਾਂ ਸੀਬੀਆਈ ਜਾਂਚ ਦੇ ਫੈਸਲੇ ਨੂੰ ਵੀ ਜਾਇਜ਼ ਠਹਿਰਾਇਆ ਅਤੇ ਆਸ ਪ੍ਰਗਟਾਈ ਕਿ ਸੀਬੀਆਈ ਅਸਲ ਦੋਸ਼ੀਆਂ ਨੂੰ ਬੇਨਕਾਬ ਕਰੇਗੀ।