ਸਰਵਿਸ ਕੰਟਰੋਲ ਵਿਵਾਦ: ਕੇਜਰੀਵਾਲ ਨੇ ਕਿਹਾ-ਪਹਿਲਾਂ ਦਿੱਲੀ 'ਤੇ ਹਮਲਾ, ਦੂਜੇ ਸੂਬਿਆਂ 'ਚ ਵੀ ਲਿਆਂਦੇ ਜਾਣਗੇ ਆਰਡੀਨੈਂਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦਾ ਆਰਡੀਨੈਂਸ ਦਿੱਲੀ ਦੇ ਲੋਕਾਂ ਦਾ ਅਪਮਾਨ ਹੈ

photo

 

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਵਿਚ ਸੇਵਾਵਾਂ ਦੇ ਕੰਟਰੋਲ ਨਾਲ ਜੁੜੇ ਆਰਡੀਨੈਂਸ ਨੂੰ ਲੈ ਕੇ ਐਤਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦਿੱਲੀ ‘ਤੇ ਪਹਿਲਾਂ ‘ਹਮਲਾ’ ਹੋਇਆ ਅਤੇ ਇਸੇ ਤਰ੍ਹਾਂ ਦੇ ਆਰਡੀਨੈਂਸ ਹੋਰ ਰਾਜਾਂ ਲਈ ਵੀ ਲਿਆਂਦੇ ਜਾਣਗੇ।

ਰਾਮਲੀਲਾ ਮੈਦਾਨ 'ਚ ਆਮ ਆਦਮੀ ਪਾਰਟੀ (ਆਪ) ਦੀ 'ਮਹਾਂ ਰੈਲੀ' ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦਾ ਆਰਡੀਨੈਂਸ ਦਿੱਲੀ ਦੇ ਲੋਕਾਂ ਦਾ ਅਪਮਾਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਆਰਡੀਨੈਂਸ ਕਹਿੰਦਾ ਹੈ ਕਿ ਦਿੱਲੀ ਵਿਚ ਲੋਕਤੰਤਰ ਨਹੀਂ ਰਹੇਗਾ।

ਆਪ ਦੇ ਕੌਮੀ ਕਨਵੀਨਰ ਨੇ ਕਿਹਾ, “ਦਿੱਲੀ ਵਿੱਚ ਤਾਨਾਸ਼ਾਹੀ ਹੋਵੇਗੀ ਅਤੇ ਉਪ ਰਾਜਪਾਲ (ਐਲਜੀ) ਸੁਪਰੀਮ ਹੈ। ਲੋਕ ਜਿਸ ਨੂੰ ਚਾਹੁਣ ਵੋਟ ਦੇ ਸਕਦੇ ਹਨ, ਪਰ ਦਿੱਲੀ ਕੇਂਦਰ ਸਰਕਾਰ ਚਲਾਏਗੀ।

ਉਨ੍ਹਾਂ ਕਿਹਾ, “ਮੈਂ ਪੂਰੇ ਦੇਸ਼ ਦੀ ਯਾਤਰਾ ਕਰ ਰਿਹਾ ਹਾਂ ਅਤੇ ਮੈਂ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਉਹ ਇਕੱਲੇ ਨਹੀਂ ਹਨ। ਭਾਰਤ ਦੇ 140 ਕਰੋੜ ਲੋਕ ਉਨ੍ਹਾਂ ਦੇ ਨਾਲ ਹਨ।

'ਆਪ' ਨੇਤਾ ਨੇ ਦਾਅਵਾ ਕੀਤਾ ਕਿ ਦਿੱਲੀ "ਹਮਲੇ ਦਾ ਸਾਹਮਣਾ ਕਰਨ ਵਾਲਾ ਪਹਿਲਾ ਸ਼ਹਿਰ" ਹੈ ਅਤੇ ਉਹ ਰਾਜਸਥਾਨ ਸਮੇਤ ਹੋਰ ਰਾਜਾਂ ਲਈ ਅਜਿਹੇ ਆਰਡੀਨੈਂਸ ਲਿਆਉਣਗੇ।

ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਕੇਜਰੀਵਾਲ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਕੰਮ ਰੋਕਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਪਰ ਸਾਡੇ ਕੋਲ 100 ਸਿਸੋਦੀਆ, 100 ਜੈਨ ਹਨ। ਉਹ ਚੰਗਾ ਕੰਮ ਜਾਰੀ ਰੱਖਣਗੇ।

ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਨੂੰ ਦਿੱਲੀ ਆਬਕਾਰੀ ਨੀਤੀ 2021-22 ਨੂੰ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਲਈ ਇਸ ਸਾਲ ਫਰਵਰੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜੈਨ ਨੂੰ ਪਿਛਲੇ ਸਾਲ ਮਈ ਵਿਚ ਇੱਕ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਕੇਜਰੀਵਾਲ ਨੇ ਕਿਹਾ, “ਮੈਂ ਸਵਾਲ ਕਰਨਾ ਚਾਹਾਂਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਲੰਬੇ ਸਮੇਂ ਤੱਕ ਸੱਤਾ ਵਿਚ ਰਹੇ ਹਨ, ਜਦੋਂ ਕਿ ਕੇਜਰੀਵਾਲ ਦੀ ਸਰਕਾਰ ਅੱਠ ਸਾਲਾਂ ਤੋਂ ਸੱਤਾ ਵਿਚ ਹੈ, ਦੋਵਾਂ ਵਿਚੋਂ ਕਿਸ ਨੇ ਲੋਕਾਂ ਲਈ ਜ਼ਿਆਦਾ ਕੰਮ ਕੀਤਾ ਹੈ।"
‘ਆਪ’ ਦੀ ‘ਮਹਾਂ ਰੈਲੀ’ ਵਿੱਚ ਰਾਜ ਸਭਾ ਮੈਂਬਰ ਕਪਿਲ ਸਿੱਬਲ ਵੀ ਸ਼ਾਮਲ ਹੋਏ। ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਦੀ ਏਕਤਾ ਬਣਾਉਣ 'ਤੇ ਜ਼ੋਰ ਦਿੱਤਾ।