ਪਰਿਵਾਰ ਦੀ ਤੀਜੀ ਪੀੜ੍ਹੀ ਵੀ ਨਿਭਾ ਰਹੀ ਫੌਜ ਵਿਚ ਸੇਵਾ, ਅੰਬਾਲਾ ਦਾ ਗਗਨਜੋਤ ਬਣਿਆ ਭਾਰਤੀ ਸੈਨਾ 'ਚ ਅਫ਼ਸਰ   

ਏਜੰਸੀ

ਖ਼ਬਰਾਂ, ਰਾਸ਼ਟਰੀ

IMA 'ਚ ਪਿਤਾ ਨੇ ਹੀ ਦਿੱਤੀ ਗਗਨਜੋਤ ਨੂੰ ਕੈਡੇਟ ਵਾਲੀ ਟ੍ਰੇਨਿੰਗ

The third generation of the family is also serving in the army

 

ਅੰਬਾਲਾ : ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ 25 ਸਾਲਾ ਗਗਨਜੋਤ ਸਿੰਘ ਨੇ ਅਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਕਿਉਂਕਿ ਉਹ ਭਾਰਤੀ ਸੈਨਾ ਵਿਚ ਅਫਸਰ ਲੱਗ ਗਿਆ ਹੈ। ਗਗਨਜੋਤ ਪਾਸਿੰਗ ਆਊਟ ਪਰੇਡ ਤੋਂ ਬਾਅਦ ਫੌਜ ਵਿਚ ਬਤੌਰ ਅਫ਼ਸਰ ਭਰਤੀ ਹੋਇਆ ਹੈ। ਗਗਨਜੋਤ ਦੇ ਪਿਤਾ ਸੂਬੇਦਾਰ ਮੇਜਰ ਗੁਰਦੇਵ ਸਿੰਘ (51) ਖ਼ੁਦ IMA ਵਿਚ ਇੰਸਟ੍ਰਕਟਰ ਹਨ। ਗਗਨਜੋਤ ਸਿੰਘ ਫੌਜ ਵਿਚ ਅਫ਼ਸਰ ਬਣਨ ਵਾਲਾ ਪਰਿਵਾਰ ਦਾ ਪਹਿਲਾ ਵਿਅਕਤੀ ਹੈ।  

ਸੂਬੇਦਾਰ ਮੇਜਰ ਗੁਰਦੇਵ ਸਿੰਘ ਆਈਐਮਏ ਵਿਚ ਆਪਣੇ ਪੁੱਤਰ ਦੇ ਬੈਚ ਦੇ ਇੰਸਟ੍ਰਕਟਰਾਂ ਵਿਚੋਂ ਇੱਕ ਸੀ।   ਮੇਜਰ ਗੁਰਦੇਵ ਸਿੰਘ ਇੱਕ ਸਾਲ ਪਹਿਲਾਂ ਅਕੈਡਮੀ ਵਿਚ ਸ਼ਾਮਲ ਹੋਇਆ ਸੀ, ਉਸੇ ਸਮੇਂ ਹੀ ਉਸ ਦਾ ਪੁੱਤਰ ਇੱਕ ਫੌਜੀ ਅਫ਼ਸਰ ਬਣਨ ਦੀ ਸਿਖਲਾਈ ਲਈ ਆਈਐਮਏ ਵਿਚ ਸ਼ਾਮਲ ਹੋਇਆ। 31 ਸਾਲਾਂ ਦੇ ਕਰੀਅਰ ਵਿਚ ਮੇਜਰ ਗੁਰਦੇਵ ਸਿੰਘ ਦੀ 30 ਸਾਲਾਂ ਲਈ ਕਿਤੇ ਹੋਰ ਪੋਸਟਿੰਗ ਰਹੀ। 

ਗਗਨਜੋਤ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਨੇ ਉਸ ਨੂੰ ਘਰ ਵਿਚ ਕਦੇ ਵੀ ਨਹੀਂ ਝਿੜਕਿਆ, ਪਰ ਜਦੋਂ ਉਹ ਅਕੈਡਮੀ ਵਿਚ ਹਦਾਇਤਾਂ ਦੀ ਸਹੀ ਤਰ੍ਹਾਂ ਪਾਲਣਾ ਕਰਨ ਵਿਚ ਅਸਫ਼ਲ ਰਿਹਾ ਤਾਂ ਉਹਨਾਂ ਨੇ ਪਹਿਲੀ ਵਾਰ ਮੈਨੂੰ ਝਿੜਕਿਆ। ਉਸ ਨੇ ਕਿਹਾ ਕਿ ਪਹਿਲਾਂ ਤਾਂ ਇਹ ਥੋੜ੍ਹਾ ਹੈਰਾਨ ਕਰਨ ਵਾਲਾ ਸੀ ਪਰ ਮੈਂ ਐਡਜਸਟ ਕਰ ਲਿਆ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਸਿਖਲਾਈ ਦੌਰਾਨ ਕਦੇ ਵੀ ਉਸ ਦੇ ਪ੍ਰਤੀ ਕੋਈ ਨਰਮੀ ਨਹੀਂ ਦਿਖਾਈ। ਗਗਨਜੋਤ ਨੇ ਕਿਹਾ ਕਿ ਉਹ ਆਪਣੇ ਅਧੀਨ ਸਾਰੇ ਕੈਡਿਟਾਂ ਨੂੰ ਬਰਾਬਰ ਸਿਖਲਾਈ ਦਿੰਦੇ ਸਨ। 

ਗਗਨਜੋਤ ਨੇ ਦੱਸਿਆ ਕਿ ਉਹ ਸਾਲ 2016 ਵਿਚ ਫੌਜ ਵਿਚ ਬਤੌਰ ਸਿਪਾਹੀ ਭਰਤੀ ਹੋਇਆ ਸੀ। 2019 ਵਿਚ ਆਰਮੀ ਕੈਡੇਟ ਕਾਲਜ (ACC) ਗਿਆ। ਅੰਤ ਵਿਚ 2022 ਵਿਚ ਆਈਐਮਏ ਵਿਚ ਸਿਖਲਾਈ ਲਈ ਆਇਆ। ਆਪਣੇ ਬੇਟੇ ਦੀ ਪ੍ਰਾਪਤੀ 'ਤੇ ਮਾਣ ਕਰਦੇ ਹੋਏ ਪਿਤਾ ਨੇ ਕਿਹਾ ਕਿ ਸਿਖਲਾਈ ਦੌਰਾਨ ਗਗਨਜੋਤ ਨੇ ਹਮੇਸ਼ਾ ਮੈਨੂੰ ਹੋਰ ਕੈਡਿਟਾਂ ਵਾਂਗ 'ਮਾਸਟਰ' ਕਹਿ ਕੇ ਬੁਲਾਇਆ। 

ਗਗਨਜੋਤ ਨੇ ਮੈਨੂੰ ਉਦੋਂ ਹੀ ਪਿਤਾ ਕਿਹਾ ਜਦੋਂ ਅਸੀਂ ਸਿਖਲਾਈ ਤੋਂ ਬਾਹਰ ਸੀ। ਸੂਬੇਦਾਰ ਮੇਜਰ ਗੁਰਦੇਵ ਸਿੰਘ ਨੇ ਕਿਹਾ ਕਿ ਸਾਰੇ ਕੈਡਿਟ ਮੇਰੇ ਪੁੱਤਰਾਂ ਵਾਂਗ ਹਨ। ਮੈਂ ਉਨ੍ਹਾਂ ਨਾਲ ਕਦੇ ਵੀ ਵੱਖਰਾ ਸਲੂਕ ਨਹੀਂ ਕੀਤਾ। ਮੈਨੂੰ ਮਾਣ ਹੈ ਕਿ ਮੇਰਾ ਬੇਟਾ ਹੁਣ ਇੱਕ ਅਫ਼ਸਰ ਵਜੋਂ ਫੋਰਸ ਵਿਚ ਮੇਰਾ ਸੀਨੀਅਰ ਹੋਵੇਗਾ। ਗਗਨਦੀਪ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਫੌਜ ਨਾਲ ਜੁੜਿਆ ਹੋਇਆ ਹੈ। ਗਗਨਜੋਤ ਦੇ ਦਾਦਾ ਅਜੀਤ ਸਿੰਘ ਸੂਬੇਦਾਰ ਵਜੋਂ ਸੇਵਾਮੁਕਤ ਹੋਏ ਸਨ। ਉਹ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਸੀ।

ਉਨ੍ਹਾਂ ਨੇ ਦੇਸ਼ ਲਈ 1962, 1965 ਅਤੇ 1971 ਦੀਆਂ ਜੰਗਾਂ ਲੜੀਆਂ। ਸੇਵਾਮੁਕਤ ਸੂਬੇਦਾਰ ਅਜੀਤ ਸਿੰਘ ਆਪਣੇ ਪੋਤੇ ਨੂੰ ਗ੍ਰੈਜੂਏਟ ਦੇਖਣ ਆਈ.ਐੱਮ.ਏ. ਪਹੁੰਚੇ ਸਨ। ਅਜੀਤ ਸਿੰਘ ਨੇ ਕਿਹਾ ਕਿ ਮੈਨੂੰ ਗਗਨ 'ਤੇ ਬਹੁਤ ਮਾਣ ਹੈ, ਉਹ ਪਰਿਵਾਰ ਦਾ ਪਹਿਲਾ ਫੌਜੀ ਅਧਿਕਾਰੀ ਹੈ। ਪਰਿਵਾਰਕ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਗਗਨ ਜੋਤ ਦਾ ਛੋਟਾ ਭਰਾ 22 ਸਾਲਾ ਜਸ਼ਨ ਜੋਤ ਸਿੰਘ ਵੀ ਫੌਜ ਵਿਚ ਸਿਪਾਹੀ ਹੈ। ਉਹ ਏ.ਸੀ.ਸੀ ਦਾ ਅਧਿਕਾਰੀ ਬਣਨ ਦੀ ਵੀ ਤਿਆਰੀ ਕਰ ਰਿਹਾ ਹੈ। ਜਸ਼ਨ ਜੋਤ ਨੇ ਕਿਹਾ ਕਿ ਮੇਰੇ ਭਰਾ ਨੂੰ ਆਰਮੀ ਅਫਸਰ ਬਣਦੇ ਦੇਖ ਕੇ ਮੈਨੂੰ ਏਸੀਸੀ ਕਰੈਕ ਕਰਨ ਦੀ ਪ੍ਰੇਰਣਾ ਮਿਲੀ ਹੈ।