Chandrababu Naidu ਨੂੰ ਚੁਣਿਆ ਗਿਆ ਐਨਡੀਏ ਗੱਠਜੋੜ ਦਾ ਨੇਤਾ, ਕੱਲ੍ਹ ਹੋਵੇਗਾ ਸਹੁੰ ਚੁੱਕ ਸਮਾਗਮ; ਪੀਐਮ ਮੋਦੀ ਕਰਨਗੇ ਸ਼ਿਰਕਤ
ਆਂਧਰਾ ਪ੍ਰਦੇਸ਼ ਦੇ ਰਾਜਪਾਲ ਨੇ ਚੰਦਰਬਾਬੂ ਨਾਇਡੂ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ
Andhra Pradesh : ਆਂਧਰਾ ਪ੍ਰਦੇਸ਼ ਵਿੱਚ ਸਰਕਾਰ ਬਣਾਉਣ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਐੱਸ. ਅਬਦੁਲ ਨਜ਼ੀਰ ਨੇ ਅੱਜ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਦੇ ਨੇਤਾ ਚੰਦਰਬਾਬੂ ਨਾਇਡੂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਐੱਨਡੀਏ ਭਾਈਵਾਲਾਂ ਨੇਤਾਵਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਇਸ ਤੋਂ ਪਹਿਲਾਂ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੁਪਰੀਮੋ ਚੰਦਰਬਾਬੂ ਨਾਇਡੂ ਨੂੰ ਆਂਧਰਾ ਪ੍ਰਦੇਸ਼ ਵਿੱਚ ਐੱਨਡੀਏ ਗੱਠਜੋੜ ਦਾ ਨੇਤਾ ਚੁਣ ਲਿਆ ਗਿਆ ਹੈ। ਵਿਜੈਵਾੜਾ ‘ਚ ਹੋਈ ਤੇਲਗੂ ਦੇਸ਼ਮ ਪਾਰਟੀ, ਜਨਸੈਨਾ ਅਤੇ ਭਾਜਪਾ ਦੇ ਵਿਧਾਇਕਾਂ ਦੀ ਬੈਠਕ ‘ਚ ਨਾਇਡੂ ਨੂੰ ਸਰਬਸੰਮਤੀ ਨਾਲ ਨੇਤਾ ਚੁਣਿਆ ਗਿਆ।
ਭਾਜਪਾ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਮੁਖੀ ਡੀ. ਪੁਰੰਦੇਸ਼ਵਰੀ ਅਤੇ ਜਨਸੈਨਾ ਦੇ ਮੁਖੀ ਪਵਨ ਕਲਿਆਣ ਨੇ ਵੀ ਐੱਨਡੀਏ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਨਾਇਡੂ ਦਾ ਸਮਰਥਨ ਕੀਤਾ। ਸਵੇਰੇ ਟੀਡੀਪੀ ਨੇਤਾ ਕੇ ਅਚੇਨ ਨਾਇਡੂ ਨੇ ਕਿਹਾ ਕਿ ਨਾਇਡੂ ਨੂੰ ਸਰਬਸੰਮਤੀ ਨਾਲ ਪਾਰਟੀ ਦੀ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ।
ਦੱਸ ਦੇਈਏ ਕਿ ਚੰਦਰਬਾਬੂ ਨਾਇਡੂ ਬੁੱਧਵਾਰ ਯਾਨੀ 12 ਜੂਨ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਸਹੁੰ ਚੁੱਕ ਸਮਾਗਮ ਕ੍ਰਿਸ਼ਨਾ ਜ਼ਿਲ੍ਹੇ ਦੇ ਕੇਸਰਪੱਲੀ ਆਈਟੀ ਪਾਰਕ ਵਿੱਚ ਹੋਵੇਗਾ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਸਵੇਰੇ 10:40 'ਤੇ ਦਿੱਲੀ ਤੋਂ ਗੰਨਾਵਰਮ ਹਵਾਈ ਅੱਡੇ 'ਤੇ ਪਹੁੰਚਣਗੇ। ਇਸ ਤੋਂ ਬਾਅਦ ਉਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ।
ਟੀਡੀਪੀ ਨੂੰ ਮਿਲਿਆ ਭਾਰੀ ਬਹੁਮਤ
ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਕੁੱਲ 175 ਸੀਟਾਂ ਹਨ। ਚੰਦਰਬਾਬੂ ਨਾਇਡੂ ਦੀ ਪਾਰਟੀ ਤੇਲਗੂ ਦੇਸ਼ਮ (ਟੀਡੀਪੀ) ਨੂੰ ਚੋਣਾਂ ਵਿੱਚ ਭਾਰੀ ਬਹੁਮਤ ਮਿਲਿਆ ਹੈ। ਟੀਡੀਪੀ ਨੇ 135 ਸੀਟਾਂ 'ਤੇ ਕਬਜ਼ਾ ਕੀਤਾ ਹੈ। ਭਾਜਪਾ ਨੇ 8 ਸੀਟਾਂ 'ਤੇ ਜਿੱਤ ਦਰਜ ਕੀਤੀ ਅਤੇ 21 'ਤੇ ਜਨਸੇਨਾ ਨੇ ਜਿੱਤ ਦਰਜ ਕੀਤੀ। ਸੱਤਾਧਾਰੀ ਪਾਰਟੀ ਵਾਈਐਸਆਰਸੀਪੀ ਨੂੰ ਸਿਰਫ਼ 11 ਸੀਟਾਂ ਨਾਲ ਹੀ ਸਬਰ ਕਰਨਾ ਪਿਆ।