ਭਾਰਤ ਅਤੇ ਚੀਨ ਪੂਰਬੀ ਲਦਾਖ਼ ਤੋਂ ਫ਼ੌਜੀਆਂ ਦੀ ਮੁਕੰਮਲ ਵਾਪਸੀ ਲਈ ਸਹਿਮਤ
ਭਾਰਤ ਅਤੇ ਚੀਨ ਨੇ ਪੂਰਬੀ ਲਦਾਖ਼ ਵਿਚ ਸਰਹੱਦੀ ਝਗੜੇ ਸਬੰਧੀ ਸ਼ੁਕਰਵਾਰ ਨੂੰ ਕੂਟਨੀਤਕ ਪੱਧਰ ਦੀ ਗੱਲਬਾਤ ਕੀਤੀ ਅਤੇ
ਨਵੀਂ ਦਿੱਲੀ, 10 ਜੁਲਾਈ : ਭਾਰਤ ਅਤੇ ਚੀਨ ਨੇ ਪੂਰਬੀ ਲਦਾਖ਼ ਵਿਚ ਸਰਹੱਦੀ ਝਗੜੇ ਸਬੰਧੀ ਸ਼ੁਕਰਵਾਰ ਨੂੰ ਕੂਟਨੀਤਕ ਪੱਧਰ ਦੀ ਗੱਲਬਾਤ ਕੀਤੀ ਅਤੇ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਪੂਰੀ ਤਰ੍ਹਾਂ ਬਹਾਲ ਕਰਨ ਲਈ ਖੇਤਰ ਤੋਂ ਫ਼ੌਜੀਆਂ ਦੇ ਪੂਰੀ ਤਰ੍ਹਾਂ ਪਿੱਛੇ ਹਟਣ ’ਤੇ ਸਹਿਮਤੀ ਪ੍ਰਗਟ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ ਰੂਪਰੇਖਾ ਤਹਿਤ ਗੱਲਬਾਤ ਕੀਤੀ ਗਈ।
ਮੰਤਰਾਲੇ ਨੇ ਦਸਿਆ ਕਿ ਦੋਹਾਂ ਧਿਰਾਂ ਨੇ ਦੁਵੱਲੇ ਸਮਝੌਤਿਆਂ ਅਤੇ ਪ੍ਰੋਟੋਕਾਲ ਮੁਤਾਬਕ ਸਰਹੱਦੀ ਖੇਤਰਾਂ ਵਿਚ ਅਮਨ ਦੀ ਮੁਕੰਮਲ ਬਹਾਲੀ ਵਾਸਤੇ ਕੰਟਰੋਲ ਰਖੇ ਦੇ ਆਲੇ ਦੁਆਲੇ ਫ਼ੌਜੀਆਂ ਦੇ ਪੂਰੀ ਤਰ੍ਹਾਂ ਪਿੱਛੇ ਹਟਣ ਦੀ ਗੱਲ ਦੁਹਰਾਈ। ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ, ‘ਉਨ੍ਹਾਂ ਇਸ ਗੱਲ ’ਤੇ ਵੀ ਸਹਿਮਤੀ ਪ੍ਰਗਟ ਕੀਤੀ ਕਿ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਸਰਹੱਦੀ ਖੇਤਰਾਂ ਵਿਚ ਲੰਮੇ ਸਮੇਂ ਤਕ ਸ਼ਾਂਤੀ ਕਾਇਮ ਰਖਣਾ ਜ਼ਰੂਰੀ ਹੈ।’ ਆਨਲਾਈਨ ਗੱਲਬਾਤ ਵਿਚ ਭਾਰਤੀ ਧਿਰ ਦੀ ਅਗਵਾਈ ਵਿਦੇਸ਼ ਮੰਤਰਾਲੇ ਵਿਚ ਸੰਯੁਕਤ ਸਕੱਤਰ ਨੇ ਕੀਤੀ
ਜਦਕਿ ਚੀਨੀ ਧਿਰ ਦੀ ਅਗਵਾਈ ਚੀਨ ਦੇ ਵਿਦੇਸ਼ ਮੰਤਰਾਲੇ ਵਿਚ ਸਰਹੱਦੀ ਵਿਭਾਗ ਦੇ ਮੁਖੀ ਨੇ ਕੀਤੀ। ਮੰਤਰਾਲੇ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਖ਼ਿੱਤੇ ਵਿਚ ਹਾਲਾਤ ਦੀ ਸਮੀਖਿਆ ਕੀਤੀ ਜਿਸ ਵਿਚ ਪਛਮੀ ਖੇਤਰ ਵਿਚ ਐਲਏਸੀ ਤੋਂ ਫ਼ੌਜੀਆਂ ਦੀ ਵਾਪਸੀ ਦੀ ਕਵਾਇਦ ਦੀ ਪ੍ਰਗਤੀ ਦੀ ਸਮੀਖਿਆ ਵੀ ਸ਼ਾਮਲ ਹੈ। ਕਿਹਾ ਗਿਆ ਕਿ ਦੋਹਾਂ ਧਿਰਾਂ ਨੇ ਸਹਿਮਤੀ ਪ੍ਰਗਟ ਕੀਤੀ
ਕਿ ਸੀਨੀਅਰ ਕਮਾਂਡਰਾਂ ਵਿਚਾਲੇ ਹੋਈਆਂ ਸਹਿਮਤੀਆਂ ਨੂੰ ਗੰਭੀਰਤਾ ਨਾਲ ਲਾਗੂ ਕਰਨ ਦੀ ਲੋੜ ਹੈ। ਪਿਛਲੇ ਦਿਨੀਂ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਝੜਪ ਹੋ ਗਈ ਸੀ ਜਿਸ ਵਿਚ ਭਾਰਤੀ ਫ਼ੌਜ ਦੇ 20 ਜਵਾਨ ਮਾਰੇ ਗਏ ਸਨ। ਚੀਨੀ ਧਿਰ ਦਾ ਵੀ ਨੁਕਸਾਨ ਹੋਇਆ ਸੀ ਪਰ ਉਸ ਬਾਰੇ ਚੀਨ ਨੇ ਜਾਣਕਾਰੀ ਨਹੀਂ ਦਿਤੀ। ਤਣਾਅ ਘਟਾਉਣ ਲਈ ਪਿਛਲੇ ਕਈ ਹਫ਼ਤਿਆਂ ਦੌਰਾਨ ਕਈ ਬੈਠਕਾਂ ਹੋ ਚੁਕੀਆਂ ਹਨ। (ਏਜੰਸੀ)