ਰਖਿਆ ਮੰਤਰੀ ਨੇ ਲਦਾਖ਼ ਵਿਚਲੇ ਹਾਲਾਤ ਦੀ ਸਮੀਖਿਆ ਕੀਤੀ
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲਦਾਖ਼ ਵਿਚ ਰੇੜਕੇ ਵਾਲੇ ਇਲਾਕਿਆਂ ਤੋਂ ਚੀਨ ਦੇ ਫ਼ੌਜੀਆਂ ਦੀ ਵਾਪਸੀ ਨੂੰ ਵੇਖਦਿਆਂ ਫ਼ੌਜ
ਨਵੀਂ ਦਿੱਲੀ, 10 ਜੁਲਾਈ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲਦਾਖ਼ ਵਿਚ ਰੇੜਕੇ ਵਾਲੇ ਇਲਾਕਿਆਂ ਤੋਂ ਚੀਨ ਦੇ ਫ਼ੌਜੀਆਂ ਦੀ ਵਾਪਸੀ ਨੂੰ ਵੇਖਦਿਆਂ ਫ਼ੌਜ ਦੇ ਸਿਖਰਲੇ ਅਧਿਕਾਰੀਆਂ ਨਾਲ ਹਾਲਾਤ ਦਾ ਜਾਇਜ਼ਾ ਲਿਆ। ਰਖਿਆ ਮੰਤਰੀ ਨੇ ਪ੍ਰਮੁੱਖ ਰਖਿਆ ਮੁਖੀ ਜਨਰਲ ਬਿਪਿਨ ਰਾਵਤ, ਥਲ ਸੈਨਾ ਮੁਖੀ ਜਨਰਲ ਐਮ ਐਮ ਨਰਵਣੇ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਹਵਾਈ ਫ਼ੌਜ ਮੁਖੀ ਆਰ ਕੇ ਐਸ ਭਦੌਰੀਆ ਤੇ ਹੋਰ ਸੀਨੀਅਰ ਫ਼ੌਜੀ ਅਧਿਕਾਰੀਆਂ ਨਾਲ ਬੈਠਕ ਵਿਚ ਹਾਲਾਤ ਦੀ ਸਮੀਖਿਆ ਕੀਤੀ। ਸੂਤਰਾਂ ਨੇ ਦਸਿਆ ਕਿ ਜਨਰਲ ਨਰਵਣੇ ਨੇ ਗਲਵਾਨ ਘਾਟੀ, ਗੋਗਰਾ, ਹਾਟ ਸਪਰਿੰਗਜ਼ ਅਤੇ ਪੈਗੋਂਗ ਦੇ ਫ਼ਿੰਗਰ 4 ਖੇਤਰ ਤੋਂ ਫ਼ੌਜੀਆਂ ਨੂੰ ਹਟਾਉਣ ਲਈ ਬਣੀ ਸਹਿਮਤੀ ਦੇ ਪਹਿਲੇ ਗੇੜ ਦੇ ਲਾਗੂਕਰਨ ਦਾ ਵੇਰਵਾ ਦਿਤਾ।
ਉਨ੍ਹਾਂ ਦਸਿਆ ਕਿ ਫ਼ਘੌਜ ਕਿਸੇ ਵੀ ਹਾਲਤ ਨਾਲ ਸਿੱਝਣ ਲਈ ਤਿਆਰ ਹੈ। ਉਨ੍ਹਾਂ ਖੇਤਰ ਵਿਚ ਭਾਰਤੀ ਫ਼ੌਜ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿਤੀ ਅਤੇ ਨਾਲ ਹੀ ਲਦਾਖ਼ ਵਿਚ ਅਸਲ ਕੰਟਰੋਲ ਰੇਖਾ ’ਤੇ ਹਾਲਾਤ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਉਤਰਾਖੰਡ ਅਤੇ ਸਿੱਕਮ ਦੇ ਸਾਰੇ ਸੰਵੇਦਨਸ਼ੀਲ ਇਲਕਿਆਂ ਵਿਚ ਮੌਜੂਦਾ ਸਥਿਤੀ ਤੋਂ ਜਾਣੂੰ ਕਰਾਇਆ। ਸਰਕਾਰੀ ਸੂਤਰਾਂ ਨੇ ਦਸਿਆ ਕਿ ਫ਼ੌਜੀਆਂ ਨੂੰ ਹਟਾਉਣ ਦਾ ਪਹਿਲਾ ਗੇੜ ਪੂਰਾ ਹੋਣਾ ਵਾਲਾ ਹੈ।
ਦੋਵੇਂ ਧਿਰਾਂ ਅਗਲੇ ਹਫ਼ਤੇ ਦੀ ਸ਼ੁਰੂਆਤ ਵਿਚ ਕਮਾਂਡਰ ਪੱਧਰ ਦੀ ਚੌਥੇ ਦੌਰ ਦੀ ਗੱਲਬਾਤ ਲਈ ਤਿਆਰ ਹਨ ਜਿਸ ਵਿਚ ਦੋਹਾਂ ਦੇਸ਼ਾਂ ਵਿਚਾਲੇ ਅਸਲ ਕੰਟਰੋਲ ਰੇਖਾ ਤੋਂ ਫ਼ੌਜੀਆਂ ਦੇ ਪਿੱਛੇ ਹਟਣ ਦੇ ਤੌਰ ਤਰੀਕਿਆਂ ਨੂੰ ਆਖ਼ਰੀ ਰੂਪ ਦਿਤਾ ਜਾਵੇਗਾ। ਦੋਹਾਂ ਧਿਰਾਂ ਨੇ ਗਲਵਾਨ ਘਾਟੀ, ਗੋਗਰਾ ਅਤੇ ਹਾਟ ਸਪਰਿੰਗਜ਼ ਵਿਚ ਤਿੰਨ ਕਿਲੋਮੀਟਰ ਦਾ ਬਫ਼ਰ ਜ਼ੋਨ ਬਣਾਉਣ ਦਾ ਕੰਮ ਪੂਰਾ ਕਰ ਲਿਆ ਹੈ। (ਏਜੰਸੀ)