ਪ੍ਰਸ਼ਾਸਨ ਨੇ ਹਰਿਆਣਾ ਤੋਂ ਤਿੰਨ ਅਫ਼ਸਰਾਂ ਦਾ ਪੈਨਲ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਵਿਚ ਹਰਿਆਣਾ ਕੇਡਰ ਦੇ ਐਚ.ਸੀ.ਐਸ. ਅਫ਼ਸਰਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਜਾ ਰਹੀਆਂ ਹਨ..............

Chandigarh

ਚੰਡੀਗੜ੍ਹ : ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਵਿਚ ਹਰਿਆਣਾ ਕੇਡਰ ਦੇ ਐਚ.ਸੀ.ਐਸ. ਅਫ਼ਸਰਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਜਾ ਰਹੀਆਂ ਹਨ ਜਦਕਿ ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ ਆਈ.ਏ.ਐਸ. ਜਿਹੜੇ ਹਰਿਆਣਾ ਕੇਡਰ ਦੇ ਹੀ ਮੂਲ ਅਧਿਕਾਰੀ ਹਨ। ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਹਰਿਆਣਾ ਕੇਡਰ ਦੇ ਇਕ ਜੂਨੀਅਰ ਅਧਿਕਾਰੀ ਸ਼ਤਾਸੂ ਗੌਤਮ ਐਚ.ਸੀ.ਐਸ. ਅਧਿਕਾਰੀ ਵਲੋਂ ਛੇਤੀ ਹੀ ਚੰਡੀਗੜ੍ਹ ਪ੍ਰਸ਼ਾਸਨ 'ਚ ਡੈਪੂਟੇਸ਼ਨ 'ਤੇ ਜੁਆਇਨ ਕਰਨਗੇ। ਉਹ ਕੁਮਾਰੀ ਨਿਸ਼ੂ ਸਿੰਘਲ ਐਚ.ਸੀ.ਐਸ. ਦੀ ਥਾਂ ਲੈਣਗੇ ਕਿਉਂਕਿ ਉਨ੍ਹਾਂ ਨੇ ਤਿੰਨ ਸਾਲਾਂ ਦਾ ਕਾਰਜਕਾਲ ਪੂਰਾ ਕਰ ਲਿਆ ਹੈ। 

ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਇਸ ਵੇਲੇ ਹਰਿਆਣਾ ਕੇਡਰ ਦੇ ਦੋ ਹੋਰ ਜੂਨੀਅਰ ਅਫ਼ਸਰ ਕੈਪ. ਮਨੋਜ ਖੱਤਰੀ ਅਤੇ ਐਸ.ਕੇ. ਜੈਨ ਐਚ.ਸੀ.ਐਸ. ਵੀ ਅਪਣਾ ਤਿੰਨ ਸਾਲਾਂ ਦਾ ਕਾਰਜਕਾਲ ਪੂਰਾ ਕਰਨ ਮਗਰੋਂ ਹੁਣ ਪਿੱਤਰੀ ਸੂਬੇ ਹਰਿਆਣਾ ਵਿਚ ਵਾਪਸ ਜਾਣ ਦੀ ਇੱਛਾ ਪ੍ਰਗਟ ਕਰਦਿਆਂ ਛੁੱਟੀ ਤੇ ਚਲੇ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਥਾਂ ਹੋਰ ਜੂਨੀਅਰ ਅਫ਼ਸਰਾਂ ਦਾ ਪੈਨਲ ਮੰਗ ਲਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਮੌਜੂਦਾ ਡੀ.ਸੀ. ਅਜੀਤ ਬਾਲਾਜੀ ਜੋਸ਼ੀ ਜਿਨ੍ਹਾਂ ਦਾ ਅਕਤੂਬਰ ਮਹੀਨੇ ਤਿੰਨ ਵਰ੍ਹਿਆਂ ਦਾ ਡੈਪੂਟੇਸ਼ਨ ਦਾ ਸਮਾਂ ਪੂਰਾ ਹੋਣਾ ਹੈ, ਵਲੋਂ ਵੀ ਛੇਤੀ ਹਰਿਆਣਾ 'ਚ ਵਾਪਸ ਭੇਜਣ ਦੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੋਈ ਹੈ।

ਉਨ੍ਹਾਂ ਦੀ ਥਾਂ ਹਰਿਆਣਾ ਸਰਕਾਰ ਨੇ ਮਨਦੀਪ ਸਿੰਘ ਬਰਾੜ 2005 ਬੈਚ, ਰਵੀ ਪ੍ਰਕਾਸ਼ ਗੁਪਤਾ 2007 ਬੈਚ ਅਤੇ ਰਾਜ ਨਰੈਣ ਕੋਸ਼ਿਕ ਦਾ ਨਾਂ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਭੇਜੇ ਸਨ। ਇਨ੍ਹਾਂ ਵਿਚੋਂ ਕਿਸੇ ਨੂੰ ਚੰਡੀਗੜ੍ਹ 'ਚ ਡੀ.ਸੀ. ਦੇ ਅਹੁਦੇ 'ਤੇ ਲਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਹੋਇਆ ਹੈ। ਉਮੀਦ ਹੈ ਕਿ ਅਗਲੇ ਮਹੀਨੇ ਉਨ੍ਹਾਂ 'ਚੋਂ ਕਿਸੇ ਵੀ ਇਕ ਅਫ਼ਸਰ ਦੀ ਚੰਡੀਗੜ੍ਹ 'ਚ ਬਤੌਰ ਡੀ.ਸੀ. ਨਿਯੁਕਤੀ ਹੋ ਜਾਵੇਗੀ। 

ਦੂਜੇ ਪਾਸੇ ਪੰਜਾਬ ਕੇਡਰ ਦੇ ਅਧਿਕਾਰੀਆਂ 'ਚੋਂ ਤਿੰਨ ਆਈ.ਏ.ਐਸ. ਅਫ਼ਸਰ ਐਮ.ਡੀ. ਸਿਟਕੋ ਸਮੇਤ ਅਤੇ 3-4 ਹੋਰ ਪੀ.ਸੀ.ਐਸ. ਅਫ਼ਸਰ ਦੀਆਂ ਅਸਾਮੀਆਂ ਖ਼ਾਲੀ ਹਨ ਪਰ ਪੰਜਾਬ ਸਰਕਾਰ ਅਫ਼ਸਰਾਂ ਦੇ ਪੈਨਲ ਭੇਜਣ 'ਚ ਕਾਫ਼ੀ ਦੇਰੀ ਕਰ ਦਿਤੀ ਹੈ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰਾਲਾ ਪ੍ਰਸ਼ਾਸਨ 'ਚਜ 60:40 ਦੀ ਰੇਸ਼ੋ ਮੁਤਾਬਕ ਦੋਹਾਂ ਸੂਬਿਆਂ ਦੇ ਅਫਸਰਾਂ ਦੀ ਨਿਯੁਕਤੀ ਸਮੇਂ ਸਿਰ ਨਹੀਂ ਕਰਦਾ, ਜਿਸ ਨਾਲ ਪ੍ਰਸ਼ਾਸਨ ਦੇ ਕੰਮਾਂ 'ਚ ਰੁਕਾਵਟ ਬਣੀ ਰਹਿੰਦੀ ਹੈ।