ਦਿੱਲੀ ਕਮੇਟੀ ਦੀ ਆਈਟੀਆਈ ਨੂੰ ਹਾਸਲ ਹੋਈ ਸਿਖ਼ਰਲੀ ਰੈਂਕਿੰਗ
ਦਿੱਲੀ ਦੇ 45 ਨਿੱਜੀ ਆਈ ਟੀ ਆਈਆਂ ਦੀ ਹੋਈ ਰੈਂਕਿੰਗ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ., ਤਿਲਕ ਵਿਹਾਰ..............
ਨਵੀਂ ਦਿੱਲੀ : ਦਿੱਲੀ ਦੇ 45 ਨਿੱਜੀ ਆਈ ਟੀ ਆਈਆਂ ਦੀ ਹੋਈ ਰੈਂਕਿੰਗ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ., ਤਿਲਕ ਵਿਹਾਰ ਨੂੰ ਪਹਿਲੀ ਥਾਂ ਹਾਸਲ ਹੋਈ ਹੈ ਤੇ ਸਰਕਾਰੀ ਆਈ.ਟੀ.ਆਈ. ਰੈਕਿੰਗ 'ਚ ਦੂਜੀ ਥਾਂ 'ਤੇ ਰਿਹਾ ਹੈ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਦਸਿਆ ਕਿ ਇਹ ਕਮੇਟੀ ਵਾਸਤੇ ਇਕ ਮਾਣ ਮੰਤਰੀ ਪ੍ਰਾਪਤੀ ਹੈ।ਇਹ ਕਮੇਟੀ ਵਲੋਂ ਕਿੱਤਾਮੁਖੀ ਕੋਰਸਾਂ ਨੂੰ ਉਤਸ਼ਾਹਤ ਕਰਨ ਦਾ ਨਤੀਜਾ ਹੈ ਕਿ ਕੌਸ਼ਲ ਵਿਕਾਸ ਮੰਤਰਾਲੇ ਵਲੋਂ ਆਈ.ਟੀ.ਆਈ. ਨੂੰ 3.12 ਦੀ ਰੈਂਕਿੰਗ ਹਾਸਲ ਹੋਈ ਹੈ ਤੇ 3 ਸਟਾਰ ਰੈਂਕ ਮਿਲਿਆ ਹੈ
ਜੋ ਹੁਣ ਪ੍ਰਮਾਣ ਪੱਤਰਾਂ 'ਤੇ ਵੀ ਦਰਜ ਕੀਤੀ ਜਾਵੇਗੀ। ਇਸ ਪ੍ਰਾਪਤੀ ਪਿਛੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਬਿਹਤਰੀਨ ਮੌਕੇ ਹਾਸਲ ਹੋਣਗੇ। ਕੌਸ਼ਲ ਮੰਤਰਾਲੇ ਦੀ ਵੈੱਬਸਾਈਟ 'ਤੇ ਵੀ ਇਹ ਰੈਂਕਿੰਗ ਦਰਜ ਹੋਵੇਗੀ ਜਿਸ ਪਿਛੋਂ ਵਧੀਆ ਆਈ ਟੀ ਆਈ ਨੂੰ ਵਰਲਡ ਬੈਂਕ ਤੋਂ ਮਿਲਣ ਵਾਲੀ ਮਾਲੀ ਮਦਦ ਦਾ ਰਾਹ ਪੱਧਰਾ ਹੋ ਜਾਵੇਗਾ। ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਦਿੱਲੀ ਵਿਚ 19 ਸਰਕਾਰੀ ਤੇ 45 ਨਿੱਜੀ ਆਈ ਟੀ ਆਈ ਹਨ। ਕਮੇਟੀ ਦੀਆਂ ਆਈ ਟੀ ਆਈ 'ਚ ਕੁੱਲ 200 ਸੀਟਾਂ ਹਨ ਜਿਨ੍ਹਾਂ ਵਿਚ ਦੋ ਕੋਰਸ ਚਾਰ ਸਾਲ ਦੇ ਹਨ ਤੇ ਦੋ ਕੋਰਸ ਇਕ ਸਾਲ ਦੇ ਹਨ। ਕੁੜੀਆਂ ਲਈ ਫ਼ਿਜ਼ਿਓਥਰੈਪੀ ਤੇ ਕੰਪਿਊਟਰ ਸਿਖਲਾਈ ਦੇ ਕੋਰਸ ਵੀ ਕਰਵਾਏ ਜਾਂਦੇ ਹਨ।