ਹੜ੍ਹਾਂ ਦੀ ਮਾਰ : ਪ੍ਰਧਾਨ ਮੰਤਰੀ ਨੇ ਛੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੜ੍ਹਾਂ ਦੀ ਭਵਿੱਖਬਾਣੀ ਸਬੰਧੀ ਕੇਂਦਰੀ ਤੇ ਰਾਜ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ ਹੋਵੇ

PM Modi

ਨਵੀਂ ਦਿੱਲੀ, 10 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹਾਂ ਦੀ ਹਾਲਤ ਦੀ ਸਮੀਖਿਆ ਲਈ ਛੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਆਨਲਾਈਨ ਬੈਠਕ ਕੀਤੀ। ਉਨ੍ਹਾਂ ਚੇਤਾਵਨੀ ਪ੍ਰਣਾਲੀ ਵਿਚ ਸੁਧਾਰ ਲਈ ਨਵੀਂ ਤਕਨੀਕ ਦੀ ਵਿਆਪਕ ਵਰਤੋਂ 'ਤੇ ਜ਼ੋਰ ਦਿਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਦੇਸ਼ ਵਿਚ ਦਖਣੀ-ਪਛਮੀ ਮਾਨਸੂਨ ਅਤੇ ਹੜ੍ਹਾਂ ਦੀ ਮੌਜੂਦਾ ਸਥਿਤੀ ਨਾਲ ਸਿੱਝਣ ਲਈ ਤਿਆਰੀਆਂ ਦੀ ਸਮੀਖਿਆ ਲਈ ਆਸਾਮ, ਬਿਹਾਰ, ਯੂਪੀ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲਾ ਬੈਠਕ ਵਿਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ਰਾਹੀਂ ਦਸਿਆ ਕਿ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਹੜ੍ਹਾਂ ਦੀ ਭਵਿੱਖਬਾਣੀ ਲਈ ਸਥਾਈ ਪ੍ਰਣਾਲੀ ਵਾਸਤੇ ਸਾਰੀਆਂ ਕੇਂਦਰੀ ਅਤੇ ਰਾਜ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ 'ਤੇ ਵੀ ਜ਼ੋਰ ਦਿਤਾ।

ਪ੍ਰਧਾਨ ਮੰਤਰੀ ਨੇ ਸਥਾਨਕ ਪੱਧਰ 'ਤੇ ਚੇਤਾਵਨੀ ਪ੍ਰਣਾਲੀ ਵਿਚ ਨਿਵੇਸ਼ ਵਧਾਏ ਜਾਣ 'ਤੇ ਜ਼ੋਰ ਦਿਤਾ ਤਾਕਿ ਇਲਾਕੇ ਦੇ ਲੋਕ ਨਦੀ ਦੇ ਕੰਢੇ ਵਿਚ ਦਰਾੜ ਪੈਣ, ਇਲਾਕੇ ਵਿਚ ਪਾਣੀ ਭਰਨ ਜਾਂ ਬਿਜਲੀ ਡਿੱਗਣ ਜਿਹੇ ਖ਼ਤਰਿਆਂ ਦੇ ਮਾਮਲੇ ਵਿਚ ਸਮੇਂ ਸਿਰ ਚੌਕਸ ਹੋ ਸਕਣ। ਇਹ ਬੈਠਕ ਲਗਭਗ ਡੇਢ ਘੰਟੇ ਚੱਲੀ ਜਿਸ ਵਿਚ ਰਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਹੋਰ ਮੰਤਰੀ ਤੇ ਅਧਿਕਾਰੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿਤਾ ਕਿ ਕੋਵਿਡ-19 ਮਹਾਂਮਾਰੀ ਕਾਰਨ ਰਾਜਾਂ ਦੁਆਰਾ ਲੋਕਾਂ ਨੂੰ ਰਾਹਤ ਅਤੇ ਬਚਾਅ ਕੋਸ਼ਿਸ਼ਾਂ ਦੌਰਾਨ ਮਾਸਕ ਪਾਉਣ, ਹੱਥ ਸਾਫ਼ ਰੱਖਣ ਅਤੇ ਇਕ ਦੂਜੇ ਤੋਂ ਦੂਰੀ ਰੱਖਣ ਜਿਹੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕਰਾਉਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਭਾਰਤ ਮੌਸਮ ਵਿਗਿਆਨ ਵਿਭਾਗ ਅਤੇ ਕੇਂਦਰੀ ਜਲ ਕਮਿਸ਼ਨ ਜਿਹੀਆਂ ਏਜੰਸੀਆਂ ਨੇ ਹੜ੍ਹਾਂ ਤੋਂ ਪਹਿਲਾਂ ਅਨੁਮਾਨ ਦੀ ਕਿਤੇ ਜ਼ਿਆਦਾ ਬਿਹਤਰ ਅਤੇ ਉਪਯੋਗੀ ਕੋਸ਼ਿਸ਼ਾਂ ਕੀਤੀਆਂ ਹਨ।