ਮੋਦੀ ਵਲੋਂ ਅੰਡੇਮਾਨ ਨਿਕੋਬਾਰ ਤਕ ਬ੍ਰਾਡਬੈਂਡ ਸੇਵਾਵਾਂ ਪਹੁੰਚਾਣ ਵਾਲੇ ਪਹਿਲੇ ਸਮੁੰਦਰੀ ਕੇਬਲ.....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮੁੰਦਰ ਅੰਦਰ ਵਿਛਾਈ ਗਈ ਹੈ 2312 ਕਿਲੋਮੀਟਰ ਲੰਮੀ ਕੇਬਲ

PM Modi

ਨਵੀਂ ਦਿੱਲੀ, 10 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਨੂੰ ਤੀਬਰ ਗਤੀ ਦੀਆਂ ਬ੍ਰਾਡਬੈਂਡ ਸੰਚਾਰ ਸੇਵਾਵਾਂ ਨਾਲ ਜੋੜਨ ਵਾਲੇ ਪਹਿਲੇ ਆਪਟੀਕਲ ਫ਼ਾਇਬਰ ਕੇਬਲ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਹ ਕੇਬਲ ਸਮੁੰਦਰ ਅੰਦਰ ਵਿਛਾਈ ਗਈ ਹੈ ਜਿਸ ਨਾਲ ਖੇਤਰ ਵਿਚ ਡਿਜੀਟਲ ਸੇਵਾਵਾਂ ਅਤੇ ਸੈਰ-ਸਪਾਟਾ ਅਤੇ ਹੋਰ ਗਤੀਵਿਧੀਆਂ ਨੂੰ ਹੱਲਾਸ਼ੇਰੀ ਮਿਲੇਗੀ। ਮੋਦੀ ਨੇ 30 ਦਸੰਬਰ 2018 ਨੂੰ 2312 ਕਿਲੋਮੀਟਰ ਲੰਮੀ ਚੇਨਈ ਤੋਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਪੋਰਟ ਬਲੇਅਰ ਨੂੰ ਜੋੜਨ ਵਾਲੀ ਇਸ ਸਬਮੈਰੀਨ ਆਪਟੀਕਲ ਫ਼ਾਇਬਰ ਕੇਬਲ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ।

ਪ੍ਰਾਜੈਕਟ ਨੂੰ 1224 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਪ੍ਰਾਜੈਕਟ ਦੇ ਉਦਘਾਟਨ ਮੌਕੇ ਮੋਦੀ ਨੇ ਕਿਹਾ, 'ਚੇਨਈ ਤੋਂ ਪੋਰਟਬਲੇਅਰ, ਪੋਰਟ ਬਲੇਅਰ ਤੋਂ ਲਿਟਲ ਅੰਡੇਮਾਨ ਅਤੇ ਪੋਰਟ ਬਲੇਅਰ ਤੋਂ ਸਵਰਾਜ ਦੀਪ ਤਕ ਇਹ ਸੇਵਾ ਅੱਜ ਤੋਂ ਅੰਡੇਮਾਨ ਨਿਕੋਬਾਰ ਦੇ ਵੱਡੇ ਹਿੱਸੇ ਵਿਚ ਚਾਲੂ ਹੋ ਗਈ ਹੈ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਲੋਕਾਂ ਨੂੰ ਆਧੁਨਿਕ ਦੂਰਸੰਚਾਰ ਸਹੂਲਤਾਂ ਉਪਲਭਧ ਕਰਾਏ। ਦੇਸ਼ ਦੀਆਂ ਦੂਰਸੰਚਾਰ ਕੰਪਨੀਆਂ ਹੁਣ ਇਸ ਤਾਰ ਜ਼ਰੀਏ ਅਪਣੀਆਂ ਮੋਬਾਈਲ ਅਤੇ ਬ੍ਰਾਡਬੈਂਡ ਸੇਵਾਵਾਂ ਇਸ ਦੀਪ ਸਮੂਹ ਵਿਚ ਦੇ ਸਕਣਗੀਆਂ।

ਅੰਕੜਿਆਂ ਮੁਤਾਬਕ ਪੋਰਟ ਬਲੇਅਰ ਵਿਚ ਹੁਣ 400 ਗੀਗਾਬਾਈਟ ਪ੍ਰਤੀ ਸੈਕਿੰਡ ਦੀ ਗਤੀ ਨਾਲ ਇੰਟਰਨੈਟ ਸੇਵਾਵਾਂ ਉਪਲਭਧ ਹੋਣਗੀਆਂ ਅਤੇ ਹੋਰ ਸਮੂਹਾਂ ਵਿਚ ਇਹ 200 ਗੀਗਾਬਾਈਟ ਪ੍ਰਤੀ ਸੈਕਿੰਗ ਦੀ ਗਤੀ ਨਾਲ ਮਿਲਣਗੀਆਂ। ਮੋਦੀ ਨੇ ਕਿਹਾ, 'ਇਹ ਚੁਨੌਤੀਪੂਰਨ ਕੰਮ ਤਦ ਹੀ ਹੋ ਸਕਦੇ ਹਨ ਜਦ ਪੂਰੀ ਸਮਰੱਥਾ ਨਾਲ, ਪੂਰੀ ਪ੍ਰਤੀਬੱਧਤਾ ਨਾਲ ਕੰਮ ਕੀਤਾ ਜਾਂਦਾ ਹੈ। ਸਾਡਾ ਸਮਰਪਣ ਰਿਹਾ ਹੈ ਕਿ ਦੇਸ਼ ਦੇ ਹਰ ਨਾਗਰਿਕ, ਹਰ ਖੇਤਰ ਦੀ ਦਿੱਲੀ ਨਾਲ ਅਤੇ ਦਿਲ ਨਾਲ, ਦੋਵੇਂ ਦੂਰੀਆਂ ਨੂੰ ਘਟਾਇਆ ਜਾਵੇ। ਹੁਣ ਅੰਡੇਮਾਨ ਅਤੇ ਨਿਕੋਬਾਰ ਦੇ ਲੋਕਾਂ ਨੂੰ ਵੀ ਮੋਬਾਈਲ ਕਨੈਕਟਿਵਿਟੀ ਅਤੇ ਤੇਜ਼ ਇੰਟਰਨੈਟ ਦੀ ਉਹੀ ਸਸਤੀਆਂ ਅਤੇ ਚੰਗੀਆਂ ਸਹੂਲਤਾਂ ਮਿਲਣ ਸਕਣਗੀਆਂ ਜਿਸ ਲਈ ਅੱਜ ਪੂਰੀ ਦੁਨੀਆਂ ਵਿਚ ਭਾਰਤ ਮੋਹਰੀ ਹੈ।'