ਪਾਇਲਟ ਨੇ ਰਾਹੁਲ ਅਤੇ ਪ੍ਰਿਯੰਕਾ ਨਾਲ ਕੀਤੀ ਮੁਲਾਕਾਤ, ਸੁਲ੍ਹਾ ਦੇ ਸੰਕੇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਚ ਸਿਆਸੀ ਉਥਲ-ਪੁਥਲ ਰੁਕਣ ਦੀ ਉਮੀਦ

Rahul Gandhi

ਨਵੀਂ ਦਿੱਲੀ, 10 ਅਗੱਸਤ: ਰਾਜਸਥਾਨ ਵਿਧਾਨ ਸਭਾ ਦੇ ਤਜਵੀਜ਼ਸ਼ੁਦਾ ਇਜਲਾਸ ਤੋਂ ਕੁੱਝ ਦਿਨ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੋਮਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਰਾਜ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਰੁਕਣ ਦੀ ਉਮੀਦ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਦੇ ਘਰ ਹੋਈ ਮੁਲਾਕਾਤ ਦੌਰਾਨ ਲਗਗਭ ਦੋ ਘੰਟਿਆਂ ਤਕ ਚਰਚਾ ਹੋਈ।  ਪਾਇਲਟ ਦੇ ਕਰੀਬੀ ਸੂਤਰਾਂ ਨੇ ਦਸਿਆ ਕਿ ਰਾਜਸਥਾਨ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਪਾਰਟੀ ਦੇ ਦੋਹਾਂ ਸਿਖਰਲੇ ਆਗੂਆਂ ਸਾਹਮਣੇ ਤਫ਼ਸੀਲ ਨਾਲ ਅਪਣਾ ਪੱਖ ਰਖਿਆ ਅਤੇ ਫਿਰ ਦੋਹਾਂ ਨੇ ਉਨ੍ਹਾਂ ਦੀਆਂ ਚਿੰਤਾਵਾਂ ਦੇ ਹੱਲ ਦਾ ਭਰੋਸਾ ਦਿਵਾਇਆ।

ਦੂਜੇ ਪਾਸੇ, ਕਾਂਗਰਸ ਦੇ ਸੂਤਰਾਂ ਨੇ ਕਿਹਾ ਕਿ ਪਾਇਲਟ ਨੇ ਰਾਹੁਲ ਅਤੇ ਪ੍ਰਿਯੰਕਾ ਕੋਲ ਅਪਣੀ ਗੱਲ ਰੱਖੀ ਹਾਲਾਂਕਿ ਫ਼ਿਲਹਾਲ ਸੁਲ੍ਹਾ ਦੇ ਕਿਸੇ ਫ਼ਾਰਮੂਲੇ 'ਤੇ ਸਹਿਮਤੀ ਨਹੀਂ ਬਣੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਸਬੰਧ ਵਿਚ ਰਾਹੁਲ ਅਤੇ ਪ੍ਰਿਯੰਕਾ ਨਾਲ ਪਾਇਲਟ ਦੀ ਮੁਲਾਕਾਤ ਹਾਂਪੱਖੀ ਸੰਕੇਤ ਹੈ ਅਤੇ ਹੁਣ ਮਾਮਲਾ ਸੁਲਝਣ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ। ਵਿਧਾਨ ਸਭਾ ਇਜਲਾਸ 14 ਅਗੱਸਤ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਬਹੁਮਤ ਸਾਬਤ ਕਰਨ ਦਾ ਯਤਨ ਕਰਨਗੇ। ਮੁੱਖ ਮੰਤਰੀ ਗਹਿਲੋਤ ਵਿਰੁਧ ਖੁਲ੍ਹ ਕੇ ਬਗ਼ਾਵਤ ਕਰਨ ਅਤੇ ਵਿਧਾਇਕ ਦਲ ਦੀਆਂ ਬੈਠਕਾਂ ਵਿਚ ਸ਼ਾਮਲ ਨਾ ਹੋਣ ਮਗਰੋਂ ਕਾਂਗਰਸ ਹਾਈ ਕਮਾਨ ਨੇ ਪਾਇਲਟ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਤੋਂ ਹਟਾ ਦਿਤਾ ਸੀ। ਪਾਇਲਟ ਕਈ ਵਾਰ ਕਹਿ ਚੁਕੇ ਹਨ ਕਿ ਉਹ ਭਾਜਪਾ ਵਿਚ ਸ਼ਾਮਲ  ਨਹੀਂ ਹੋਣਗੇ। 

ਸੋਨੀਆ ਵਲੋਂ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ- ਨਵੀਂ ਦਿੱਲੀ, 10 ਅਗੱਸਤ : ਸਚਿਨ ਪਾਇਲਟ ਦੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਵਾਡਰਾ ਨਾਲ ਮੁਲਾਕਾਤ ਮਗਰੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ ਤਾਕਿ ਪਾਇਲਟ ਅਤੇ ਉਸ ਦੇ ਸਮਰਥਕ ਵਿਧਾਇਕਾਂ ਦੁਆਰਾ ਚੁਕੇ ਗਏ ਮੁੱਦਿਆਂ ਦਾ ਹੱਲ ਹੋ ਸਕੇ ਅਤੇ ਮਾਮਲੇ ਦਾ ਨਿਬੇੜਾ ਕੀਤਾ ਜਾ ਸਕੇ। ਸੂਤਰਾਂ ਦਾ ਕਹਿਣਾ ਹੈ ਕਿ ਪਾਇਲਟ ਛੇਤੀ ਹੀ ਇਕ ਵਾਰ ਫਿਰ ਰਾਹੁਲ ਨਾਲ ਮੁਲਾਕਾਤ ਕਰ ਸਕਦੇ ਹਨ।  ਪਾਰਟੀ ਆਗੂ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਪਾਇਲਟ ਅਤੇ ਰਾਹੁਲ ਵਿਚਾਲੇ ਖੁਲ੍ਹੀ ਅਤੇ ਉਸਾਰੂ ਗੱਲਬਾਤ ਹੋਈ।