ਚਾਰਜ ਲੱਗੇ ਫ਼ੋਨ ਨੂੰ ਲੱਗੀ ਅੱਗ, ਔਰਤ ਤੇ ਦੋ ਮਾਸੂਮ ਬੱਚਿਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਘਟਨਾ ਤਾਮਿਲਨਾਡੂ ਦੇ ਕਰੂਰ ਜ਼ਿਲ੍ਹੇ ਦੇ ਰਾਇਨੂਰ ਦੀ ਹੈ,

File Photo

ਤਾਮਿਲਨਾਡੂ - ਚਾਰਜ ਲੱਗੇ ਮੋਬਾਇਲ ਫੋਨ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਤੇ ਹੁਣ ਅਜਿਹੀ ਇਕ ਘਟਨਾ ਤਾਮਿਲਨਾਡੂ ਵਿਚ ਵਾਪਰੀ ਹੈ। ਜਿੱਥੇ ਮੋਬਾਇਲ ਫਟਣ ਨਾਲ ਦੋ ਬੱਚਿਆਂ ਅਤੇ ਇਕ ਔਰਤ ਦੀ ਮੌਤ ਹੋ ਗਈ। ਇਹ ਘਟਨਾ ਤਾਮਿਲਨਾਡੂ ਦੇ ਕਰੂਰ ਜ਼ਿਲ੍ਹੇ ਦੇ ਰਾਇਨੂਰ ਦੀ ਹੈ, ਜਿਥੇ ਸੋਮਵਾਰ ਨੂੰ ਮੋਬਾਇਲ ਫਟਣ ਕਰਕੇ ਪੂਰੇ ਘਰ ਵਿਚ ਅੱਗ ਲੱਗ ਗਈ। ਦੋ ਬੱਚਿਆਂ ਦੀ ਮਾਂ ਮੁਥੂਲਕਸ਼ਮੀ ਅਤੇ ਦੋ ਬੱਚੇ ਰਨਜੀਤ (3 ਸਾਲ) ਅਤੇ ਦਕਸ਼ਿਤ (2 ਸਾਲ) ਦੀ ਅੱਗ ਵਿਚ ਝੁਲਸਣ ਕਾਰਨ ਮੌਤ ਹੋ ਗਈ।

ਰਿਪੋਰਟ ਅਨੁਸਾਰ ਐਤਵਾਰ ਦੀ ਰਾਤ ਮੁਥੂਲਕਸ਼ਮੀ ਨੇ ਮੋਬਾਈਲ ਚਾਰਜਿੰਗ 'ਤੇ ਲਗਾ ਕੇ ਦੋਵੇਂ ਬੱਚਿਆਂ ਨਾਲ ਸੌਂ ਗਈ। ਰਾਤ ਨੂੰ ਮੋਬਾਈਲ ਫੋਨ ਵਿਚ ਬਲਾਸਟ ਹੋਇਆ ਕਾਰਨ ਘਰ ਵਿੱਚ ਅੱਗ ਲੱਗ ਗਈ ਅਤੇ ਘਰ ਵਿਚ ਬੱਚਿਆਂ ਦੇ ਨਾਲ ਸੁੱਤੀ ਔਰਤ ਵਿਚ ਝੁਲਸ ਗਈ। ਰਾਤ ਹੋਣ ਕਰਕੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਨਹੀਂ ਲੱਗਾ।

ਸਵੇਰ ਵੇਲੇ ਜਦੋਂ ਲੋਕਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਹਨਾਂ ਇਸਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ। ਪੁਲਿਸ ਦੀ ਮਦਦ ਨਾਲ ਮਹਿਲਾ ਅਤੇ ਦੋਵਾਂ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਕਰਾਰ ਦਿੱਤਾ ਅਤੇ ਦੋਵਾਂ ਬੱਚਿਆਂ ਦੀ ਜੇਰੇ ਇਲਾਜ ਮੌਤ ਹੋ ਗਈ।

ਜਾਣਕਾਰੀ ਮਿਲੀ ਹੈ ਕਿ ਹਾਦਸੇ ਦੀ ਪੀੜਤ ਔਰਤ ਆਪਣੇ ਪਤੀ ਨਾਲੋਂ ਵੱਖ ਰਹਿੰਦੀ ਸੀ। ਮਾਮਲੇ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਸੜਿਆ ਹੋਇਆ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਿਸ ਕਰ ਕੇ ਹੀ ਪੂਰੇ ਘਰ ਵਿਚ ਅੱਗ ਲੱਗੀ ਹੈ।