ਬੇਰੁਜ਼ਗਾਰੀ ਕਾਰਨ ਦੇਸ਼ 'ਚ ਹਾਲਾਤ ਹੋਰ ਵਿਗੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਮਹੀਨੇ ਵਧੀ ਬੇਰੁਜ਼ਗਾਰੀ ਦੀ ਦਰ

Unemployment

ਨਵੀਂ ਦਿੱਲੀ, 10 ਅਗੱਸਤ : ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੇ ਅਪਣੀਆਂ ਨੌਕਰੀਆਂ ਗੁਆ ਦਿਤੀਆਂ ਹਨ। ਭਾਰਤ ਵੀ ਇਸ ਤੋਂ ਬਚ ਨਹੀਂ ਸਕਿਆ। ਕਮਜ਼ੋਰ ਮੰਗ ਕਾਰਨ ਦੇਸ਼ ਵਿਚ ਲੱਖਾਂ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਅਜਿਹੀ ਸਥਿਤੀ ਵਿਚ ਭਾਰਤ ਵਿਚ ਬੇਰੁਜ਼ਗਾਰੀ ਦੀ ਦਰ ਪੰਜ ਹਫ਼ਤਿਆਂ ਦੇ ਉੱਚੇ ਪੱਧਰ ਉਤੇ ਪਹੁੰਚ ਗਈ ਹੈ।

ਦਿਹਾਤੀ ਭਾਰਤ ਵਿਚ ਵੀ ਸਥਿਤੀ ਮਾੜੀ ਹੈ। ਝੋਨੇ ਦੀ ਲਵਾਈ ਦਾ ਸੀਜ਼ਨ ਖ਼ਤਮ ਹੋਣ ਕਾਰਨ ਇਥੇ ਬੇਰੁਜ਼ਗਾਰੀ ਦੀ ਦਰ ਅੱਠ ਹਫ਼ਤਿਆਂ ਦੀ ਉਚਾਈ ਉਤੇ ਪਹੁੰਚ ਗਈ ਹੈ। ਭਾਰਤ ਵਿਚ ਬੇਰੁਜ਼ਗਾਰੀ ਦੀ ਸਮੁੱਚੀ ਦਰ 9 ਅਗੱਸਤ ਨੂੰ ਖ਼ਤਮ ਹੋਏ ਹਫ਼ਤੇ ਵਿਚ 8.67 ਫ਼ੀ ਸਦੀ ਤਕ ਪਹੁੰਚ ਗਈ। ਉਸੇ ਸਮੇਂ ਇਹ ਪੇਂਡੂ ਭਾਰਤ ਵਿਚ 8.37 ਫ਼ੀ ਸਦੀ ਰਹੀ।

ਸੀ.ਐਮ.ਆਈ.ਈ ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਬੇਰੁਜ਼ਗਾਰੀ ਦੀ ਦਰ 2 ਅਗੱਸਤ ਨੂੰ ਖ਼ਤਮ ਹੋਏ ਹਫ਼ਤੇ ਵਿਚ 7.19 ਫ਼ੀ ਸਦੀ ਸੀ। ਉਸੇ ਸਮੇਂ ਇਕ ਮਹੀਨੇ ਪਹਿਲਾਂ 12 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ ਵਿਚ ਇਹ 7.43 ਫ਼ੀ ਸਦੀ ਸੀ, ਜੋ ਹੁਣ 8.67 ਫ਼ੀ ਸਦੀ ਉਤੇ ਪਹੁੰਚ ਗਈ ਹੈ। ਪੇਂਡੂ ਭਾਰਤ ਦੀ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ ਬੇਰੁਜ਼ਗਾਰੀ ਦੀ ਦਰ ਦੋ ਫ਼ੀ ਸਦੀ ਵਧੀ ਹੈ। 2 ਅਗੱਸਤ ਨੂੰ ਖ਼ਤਮ ਹੋਏ ਹਫ਼ਤੇ ਵਿਚ, ਇਹ 6.47 ਫ਼ੀ ਸਦੀ ਸੀ ਜੋ ਹੁਣ 8.37 ਫ਼ੀ ਸਦੀ ਹੋ ਗਈ ਹੈ।

ਸੀਐਮਆਈਈ ਦੇ ਅੰਕੜਿਆਂ ਅਨੁਸਾਰ ਸ਼ਹਿਰੀ ਖੇਤਰਾਂ ਵਿਚ ਬੇਰੁਜ਼ਗਾਰਾਂ ਦੀ ਗਿਣਤੀ ਦੇਸ਼ ਦੇ ਪੇਂਡੂ ਇਲਾਕਿਆਂ ਨਾਲੋਂ ਵਧ ਗਈ ਹੈ। ਕੋਰੋਨਾ ਕਾਰਨ ਹੋਈ ਤਾਲਾਬੰਦੀ ਪਿਛੋਂ ਢਿੱਲ ਦੇਣ ਤੋਂ ਬਾਅਦ ਸ਼ਹਿਰ ਵਿਚ ਬੇਰੁਜ਼ਗਾਰੀ ਦੀ ਦਰ ਵਿਚ ਕਮੀ ਆਈ ਸੀ ਪਰ ਇਕ ਵਾਰ ਫਿਰ ਇਹ ਰੁਝਾਨ ਬਦਲਣਾ ਸ਼ੁਰੂ ਹੋ ਗਿਆ ਹੈ ਅਤੇ ਸ਼ਹਿਰੀ ਬੇਰੁਜ਼ਗਾਰੀ ਦੀ ਦਰ ਵਿਚ ਵਾਧਾ ਹੋਇਆ ਹੈ। ਸ਼ਹਿਰੀ ਬੇਰੁਜ਼ਗਾਰੀ ਦੀ ਦਰ ਇਸ ਹਫ਼ਤੇ 9.31 ਫ਼ੀ ਸਦੀ ਉਤੇ ਪਹੁੰਚ ਗਈ ਹੈ, ਜੋ ਪਿਛਲੇ ਹਫ਼ਤੇ 8.73 ਫ਼ੀ ਸਦੀ ਸੀ। ਉਸੇ ਸਮੇਂ ਜੁਲਾਈ ਵਿਚ ਇਹ 9.15 ਫ਼ੀ ਸਦੀ ਸੀ।