ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਿਆ: ਪੰਡੋਹ ਡੈਮ ਦੇ ਸਾਰੇ ਗੇਟ ਖੋਲ੍ਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਬੀਐਮਬੀ ਪ੍ਰਬੰਧਨ ਨੇ ਲੋਕਾਂ ਨੂੰ ਬਿਆਸ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ।

Water level increased in Beas river


ਚੰਡੀਗੜ੍ਹ: ਹਿਮਾਚਲ 'ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਇਸ ਦੇ ਚਲਦਿਆਂ ਭਾਖੜਾ ਡੈਮ ਬੋਰਡ ਮੈਨੇਜਮੈਂਟ (ਬੀਬੀਐਮਬੀ) ਨੇ ਪੰਡੋਹ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬੀਬੀਐਮਬੀ ਨੇ ਵੀਰਵਾਰ ਦੁਪਹਿਰ ਤੋਂ ਵਾਟਰ ਫਲੱਸ਼ਿੰਗ ਸ਼ੁਰੂ ਕਰ ਦਿੱਤੀ ਹੈ ਜੋ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਬੀਬੀਐਮਬੀ ਪ੍ਰਬੰਧਨ ਨੇ ਲੋਕਾਂ ਨੂੰ ਬਿਆਸ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ।

ਪੰਜਾਬ ਦੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਬਿਆਸ ਦਾ ਪਾਣੀ ਹਿਮਾਚਲ ਤੋਂ ਸਿੱਧਾ ਪੰਜਾਬ ਨੂੰ ਜਾਂਦਾ ਹੈ। ਹਿਮਾਚਲ ਵਿਚ ਵਗਦੇ ਸਤਲੁਜ, ਰਾਵੀ, ਪੱਬਰ, ਯਮੁਨਾ, ਚਨਾਬ ਦੇ ਪਾਣੀ ਦਾ ਪੱਧਰ ਵੀ ਅਚਾਨਕ ਵਧ ਗਿਆ ਹੈ। ਪੰਡੋਹ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਬਾਅਦ ਇੱਥੇ ਬਿਜਲੀ ਉਤਪਾਦਨ ਵੀ ਬੰਦ ਕਰ ਦਿੱਤਾ ਗਿਆ ਹੈ। ਬਾਰਸ਼ ਤੋਂ ਪਹਿਲਾਂ ਡੈਮ ਦਾ ਪਾਣੀ ਦਾ ਪੱਧਰ 23000 ਕਿਊਸਿਕ ਸੀ ਜੋ ਹੁਣ ਵਧ ਕੇ 55000 ਕਿਊਸਿਕ ਹੋ ਗਿਆ ਹੈ। ਜਿੰਨਾ ਕਿਊਸਿਕ ਪਾਣੀ ਦਾ ਵਹਾਅ ਪਿੱਛੇ ਤੋਂ ਆ ਰਿਹਾ ਹੈ, ਓਨਾ ਹੀ ਕਿਊਸਿਕ ਵਹਾਅ ਵਾਲਾ ਪਾਣੀ ਡੈਮ ਤੋਂ ਅੱਗੇ ਛੱਡਿਆ ਜਾ ਰਿਹਾ ਹੈ।

BBMB

ਇਸ ਸਮੇਂ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ 2923 ਫੁੱਟ ਹੈ, ਜੋ ਖ਼ਤਰੇ ਦੀ ਰੇਖਾ ਤੋਂ ਹੇਠਾਂ ਹੈ। ਬੱਗੀ ਸੁਰੰਗ ਵੀ ਹੌਲੀ-ਹੌਲੀ ਸ਼ਾਮ ਤੱਕ ਬੰਦ ਕਰ ਦਿੱਤੀ ਜਾਵੇਗੀ, ਜਿਸ ਕਾਰਨ ਬੀਬੀਐਮਬੀ ਸਲਾਪਡ ਪਾਵਰ ਹਾਊਸ ਵਿਖੇ ਬਿਜਲੀ ਉਤਪਾਦਨ 24 ਘੰਟੇ ਬੰਦ ਰਹੇਗਾ। ਬੀਬੀਐਮਬੀ ਦੇ ਐਕਸੀਅਨ ਰਾਜੇਸ਼ ਹਾਂਡਾ ਨੇ ਦੱਸਿਆ ਕਿ ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪਾਣੀ ਦੀ ਨਿਕਾਸੀ ਕੱਲ੍ਹ ਸ਼ਾਮ ਤੱਕ ਜਾਰੀ ਰਹੇਗੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।