1984 ਸਿੱਖ ਕਤਲੇਆਮ ਕੇਸ : ਚਾਰਜਸ਼ੀਟ ਦੀ ਜਾਂਚ ਲਈ ਟਾਈਟਲਰ ਦੇ ਵਕੀਲ ਨੇ ਮੰਗਿਆ ਸਮਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ 21 ਅਗੱਸਤ ਨੂੰ ਹੋਵੇਗੀ ਸੁਣਵਾਈ

Jagdish Tytler

ਨਵੀਂ ਦਿੱਲੀ: ਸਿੱਖ ਕਤਲੇਆਮ ਦੌਰਾਨ 1984 ਦੇ ਪੁਲ ਬੰਗਸ਼ ਕਤਲ ਕੇਸ ਦੇ ਮੁਲਜ਼ਮ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਦਿੱਲੀ ਦੀ ਇਕ ਅਦਾਲਤ ’ਚ ਸ਼ੁਕਰਵਾਰ ਨੂੰ ਪੇਸ਼ ਕੀਤਾ ਗਿਆ। ਅਦਾਲਤ ’ਚ ਉਸ ਨੇ ਚਾਰਜਸ਼ੀਟ ਸਮੇਤ ਸੀ.ਬੀ.ਆਈ. ਵਲੋਂ ਸੌਂਪੇ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ 10 ਦਿਨਾਂ ਦਾ ਸਮਾਂ ਮੰਗਿਆ ਹੈ।

ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਵਿਧੀ ਗੁਪਤਾ ਆਨੰਦ ਨੇ ਟਾਈਟਲਰ ਦੇ ਵਕੀਲ ਵਲੋਂ ਦਾਇਰ ਇਕ ਬਿਨੈ ’ਤੇ ਹੁਕਮ ਪਾਸ ਕੀਤਾ, ਜਿਨ੍ਹਾਂ ਨੇ ਦਸਤਾਵੇਜ਼ਾਂ ਦੀ ਜਾਂਚ ਪੂਰੀ ਕਰਨ ਲਈ ਦੋ ਹਫ਼ਤੇ ਦਾ ਸਮਾਂ ਮੰਗਿਆ ਸੀ। ਇਸ ਮਾਮਲੇ ਦੀ ਸੁਣਵਾਈ 21 ਅਗੱਸਤ ਨੂੰ ਦੁਪਹਿਰ 2 ਵਜੇ ਹੋਵੇਗੀ। ਟਾਈਟਲਰ ਨੂੰ ਇਕ ਸੈਸ਼ਨ ਅਦਾਲਤ ਨੇ ਚਾਰ ਅਗੱਸਤ ਨੂੰ ਇਕ ਲੱਖ ਰੁਪਏ ਦੇ ਨਿਜੀ ਮੁਚਲਕੇ ਅਤੇ ਏਨੀ ਹੀ ਰਕਮ ਦੀ ਜ਼ਮਾਨਤ ’ਤੇ ਅਗਾਊਂ ਜ਼ਮਾਨਤ ਦਿਤੀ ਸੀ। ਮੈਜਿਸਟ੍ਰੇਟ ਅਦਾਲਤ ਨੇ 26 ਜੁਲਾਈ ਨੂੰ ਟਾਈਟਲਰ ਨੂੰ 5 ਅਗੱਸਤ ਨੂੰ ਤਲਬ ਕੀਤਾ ਸੀ।

ਉਸ ਨੇ ਮਾਮਲੇ ’ਚ ਪੂਰਕ ਚਾਰਜਸ਼ੀਟ ’ਤੇ ਨੋਟਿਸ ਲੈਣ ਤੋਂ ਬਾਅਦ ਇਹ ਹੁਕਮ ਪਾਸ ਕੀਤਾ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਇਕ ਦਿਨ ਬਾਅਦ 1 ਨਵੰਬਰ, 1984 ਨੂੰ ਕਥਿਤ ਤੌਰ ’ਤੇ ਟਾਈਟਲਰ ਵਲੋਂ ਭੜਕਾਏ ਜਾਣ ਮਗਰੋਂ ਭੀੜ ਨੇ ਦਿੱਲੀ ਦੇ ਪੁਲ ਬੰਗਸ਼ ਇਲਾਕੇ ’ਚ ਤਿੰਨ ਵਿਅਕਤੀਆਂ ਦਾ ਕਤਲ ਕਰ ਦਿਤਾ ਗਿਆ ਸੀ ਅਤੇ ਇਕ ਗੁਰਦਵਾਰੇ ’ਚ ਅੱਗ ਲਾ ਦਿਤੀ ਗਈ ਸੀ।